ਨਵੀਂ ਦਿੱਲੀ – ਪਾਰਟੀ ਸ਼ਾਸਤ ਤਿੰਨ ਸੂਬਿਆਂ ਵਿੱਚ ਇਸ ਸਾਲ ਦੇ ਅਖੀਰ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਐਸ.ਸੀ./ਐਸ.ਟੀ. ਐਕਟ ਮਾਮਲੇ ਵਿੱਚ ਜਨਰਲ ਕੈਟਾਗਰੀ ਦੀ ਨਾਰਾਜ਼ਗੀ ਤੋਂ ਭਾਜਪਾ ਸੁਚੇਤ ਹੋ ਗਈ ਹੈ। ਨਰਾਜ ਜਨਰਲ ਵਰਗ ਨੂੰ ਮਨਾਉਣ ਲਈ ਪਾਰਟੀ ਕਈ ਬਦਲਾਂ ‘ਤੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਪਾਰਟੀ ਦੀ ਇਹ ਰਾਏ ਹੈ ਕਿ ਗ੍ਰਹਿ ਮੰਤਰਾਲਾ ਇਸ ਐਕਟ ਤਹਿਤ ਮੁਕੱਦਮਾ ਦਰਜ ਕਰਨ ਤੋਂ ਪਹਿਲਾਂ ਸੂਬਿਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦੇਵੇ। ਇਸ ਤੋਂ ਬਾਅਦ ਪਾਰਟੀ ਵੱਖਰੇ ਤਰੀਕੇ ਨਾਲ ਜਨਰਲ ਵਰਗ ਨਾਲ ਜੁਡ਼ੇ ਸੰਗਠਨਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰੇ। ਸ਼ਨੀਵਾਰ ਨੂੰ ਸ਼ੁਰੂ ਹੋ ਰਹੀ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਬੈਠਕ ਵਿੱਚ ਇਸ ਮੁੱਦੇ ਉੱਤੇ ਵਿਸਥਾਰ ਨਾਲ ਚਰਚਾ ਵੀ ਹੋਵੇਗੀ।
ਵੀਰਵਾਰ ਨੂੰ ਜਨਰਲ ਵਰਗ ਦੇ ਸੰਗਠਨਾਂ ਦੇ ਬੁਲਾਏ ਭਾਰਤ ਬੰਦ ਦੇ ਦੌਰਾਨ ਮੱਧ-ਪ੍ਰਦੇਸ਼ ਤੋਂ ਜਿਸ ਤਰ੍ਹਾਂ ਤਿੱਖੀ ਪ੍ਰਤੀਕਿਰਿਆ ਆਈ, ਉਸ ਤੋਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸੁਚੇਤ ਹੋ ਗਈ ਹੈ। ਪਾਰਟੀ ਨੇ ਇਸ ਸਾਲ ਦੇ ਅਖੀਰ ਵਿੱਚ ਮੱਧ ਪ੍ਰਦੇਸ਼ ਤੋਂ ਇਲਾਵਾ ਛੱਤੀਸਗੜ ਅਤੇ ਰਾਜਸਥਾਨ ਵਿੱਚ ਵੀ ਚੋਣਾਂ ਦਾ ਸਾਹਮਣਾ ਕਰਨਾ ਹੈ। ਪਦਮਾਵਤ ਫਿਲਮ ਮਾਮਲੇ ਵਿੱਚ ਰਾਜਪੂਤ ਬਰਾਦਰੀ ਦੀ ਨਾਰਾਜ਼ਗੀ ਕਾਰਨ ਪਾਰਟੀ ਰਾਜਸਥਾਨ ਵਿੱਚ ਲੋਕਸਭਾ ਉਪ ਚੋਣਾਂ ਵਿੱਚ ਆਪਣੀ ਜਿੱਤੀ ਸੀਟ ਗੁਆ ਚੁੱਕੀ ਹੈ। ਅਜਿਹੇ ਵਿੱਚ ਪਾਰਟੀ ਜਨਰਲ ਵਰਗ ਨੂੰ ਲੁਭਾਉਣ ਲਈ ਕਈ ਬਦਲ ‘ਤੇ ਵਿਚਾਰ ਕਰ ਰਹੀ ਹੈ।
ਪਾਰਟੀ ਸੂਤਰਾਂ ਮੁਤਾਬਕ ਫੌਰੀ ਤੌਰ ‘ਤੇ ਗ੍ਰਹਿ ਮੰਤਰਾਲਾ ਤੋਂ ਸੂਬਿਆਂ ਲਈ ਸਲਾਹ ਜਾਰੀ ਕਰਾਉਣ ਉੱਤੇ ਸਹਿਮਤੀ ਬਣੀ ਹੈ। ਅਜਿਹੇ ਵਿੱਚ ਗ੍ਰਹਿ ਮੰਤਰਾਲਾ ਛੇਤੀ ਹੀ ਸੂਬਿਆਂ ਨੂੰ ਇਸ ਕਾਨੂੰਨ ਤਹਿਤ ਐਫ.ਆਈ.ਆਰ. ਦਰਜ ਕਰਨ ਤੋਂ ਪਹਿਲਾਂ ਦੁਰਵਰਤੋਂ ਦੇ ਸੰਬੰਧ ਵਿੱਚ ਸਾਵਧਾਨੀ ਵਰਤਣ ਦੀ ਸਲਾਹ ਦੇ ਸਕਦੀ ਹੈ। ਇਸ ਤੋਂ ਇਲਾਵਾ ਕਾਰਜਕਾਰਨੀ ਮੀਟਿੰਗ ਵਿੱਚ ਨਾਰਾਜ਼ ਜਨਰਲ ਵਰਗ ਨੂੰ ਮਨਾਉਣ ਦੀ ਰਣਨੀਤੀ ਬਣਾਈ ਜਾਵੇਗੀ। ਰਣਨੀਤੀ ਬਣਾਉਂਦੇ ਹੋਏ ਇਹ ਧਿਆਨ ਰੱਖਿਆ ਜਾਵੇਗਾ ਕਿ ਕਿਤੇ ਬਹੁਤ ਮੁਸ਼ਕਲ ਨਾਲ ਸ਼ਾਂਤ ਹੋਏ ਐਸ.ਸੀ./ਐਸ.ਟੀ. ਵਰਗ ਫਿਰ ਤੋਂ ਨਾਰਾਜ਼ ਨਾ ਹੋ ਜਾਵੇ।