ਚੰਡੀਗੜ੍ਹ— ਵੀਰਵਾਰ ਨੂੰ ਚੰਡੀਗੜ੍ਹ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਕੋਟਕਪੂਰਾ ਗੋਲੀਕਾਂਡ ਦੀ ਸੀ.ਸੀ.ਟੀ.ਵੀ. ਫੁਟੇਜ ਜਾਰੀ ਕਰਨ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਕੈਬਨਿਟ ਮੰਤਰੀ ਸਿੱਧੂ ਨਾਲ ਨਾਰਾਜ਼ ਦੱਸੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਦੀ ਨਾਰਾਜ਼ਗੀ ਇਸ ਕਾਰਨ ਵੀ ਹੈ ਕਿ ਸਿੱਧੂ ਨੇ ਮੁੱਖ ਮੰਤਰੀ ਨੂੰ ਭਰੋਸੇ ਵਿਚ ਲਏ ਬਿਨਾਂ ਪ੍ਰੈਸ ਫਾਨਫਰੰਸ ਕਰਕੇ ਕੋਟਕਪੂਰਾ ਗੋਲੀਕਾਂਡ ਦੀ ਸੀ.ਸੀ.ਟੀ.ਵੀ. ਫੁਟੇਜ ਮੀਡੀਆ ਨਾਲ ਸ਼ੇਅਰ ਕੀਤੀ। ਸਿੱਧੂ ਦੀ ਪ੍ਰੈਸ ਕਾਨਫਰੰਸ ਅਤੇ ਸੀ.ਸੀ.ਟੀ.ਵੀ. ਫੁਟੇਜ ਦਿਖਾਏ ਜਾਣ ਨਾਲ ਨਾਂ ਸਿਰਫ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਰਾਜ਼ ਦੱਸੇ ਜਾਂਦੇ ਹਨ ਸਗੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨਾਰਾਜ਼ ਹਨ ਕਿ ਕਿਸ ਅਧਿਕਾਰ ਅਤੇ ਕਿਸਦੀ ਇਜਾਜ਼ਤ ਨਾਲ ਇਹ ਪ੍ਰੈਸ ਕਾਨਫਰੰਸ ਹੋਈ।
ਕੈਪਟਨ ਨੂੰ ਬਿਨਾਂ ਦੱਸੇ ਕੀਤੀ ਪ੍ਰੈਸ ਕਾਨਫਰੰਸ—
ਸੂਤਰਾਂ ਮੁਤਾਬਕ ਸਿੱਧੂ ਨੇ ਅਜਿਹਾ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਇਹ ਦੱਸਿਆ ਗਿਆ ਕਿ ਉਹ ਕੋਈ ਕੋਟਕਪੂਰਾ ਮਾਮਲੇ ਨੂੰ ਲੈ ਕੇ ਵੀਡੀਓ ਜਾਰੀ ਕਰਨ ਵਾਲੇ ਹਨ। ਸੂਤਰ ਦੱਸਦੇ ਹਨ ਕਿ ਬਾਅਦ ਦੁਪਹਿਰ ਕੈਪਟਨ ਅਮਰਿੰਦਰ ਸਿੰਘ ਦੇ ਘਰ ਵਿਚ ਗੁਪਤ ਮੀਟਿੰਗ ਹੋਈ ਹੈ। ਇਸ ਵਿਚ ਡੀ.ਜੀ.ਪੀ. ਸੁਰੇਸ਼ ਅਰੋੜਾ, ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁਪਤਾ ਅਤੇ ਪ੍ਰਿੰਸੀਪਲ ਸੈਕਰੇਟਰੀ ਸੁਰੇਸ਼ ਕੁਮਾਰ ਇਸ ਵਿਚ ਸ਼ਾਮਲ ਸਨ, ਹਾਲਾਂਕਿ ਇਨ੍ਹਾਂ ਮੀਟਿੰਗਾਂ ਨੂੰ ਗੁਪਤ ਰੱਖਿਆ ਗਿਆ ਹੈ ਪਰ ਸੂਤਰਾਂ ਦੀ ਮੰਨੋਂ ਤਾਂ ਇਸ ਮੀਟਿੰਗ ਵਿਚ ਐਸ.ਆਈ.ਟੀ. ਗਠਿਤ ਕਰਨ ਦੇ ਨਾਲ-ਨਾਲ ਕੋਟਕਪੂਰਾ ਦੀਆਂ ਤਸਵੀਰਾਂ ਜਾਰੀ ਕਰਨ ਦੇ ਮਾਮਲੇ ‘ਤੇ ਵੀ ਚਰਚਾ ਹੋਈ ਹੈ।