ਨਵਾਂਸ਼ਹਿਰ — ਬਰਗਾੜੀ ਇਨਸਾਫ ਮੋਰਚੇ ਦੌਰਾਨ ਸੰਤ ਰਾਮਾਨੰਦ ਬਾਰੇ ਕਥਿਤ ਤੌਰ ‘ਤੇ ਕੀਤੀ ਗਈ ਗਲਤ ਟਿੱਪਣੀ ਦੇ ਮਾਮਲੇ ‘ਚ ਗ੍ਰਿਫਤਾਰ ਐੱਸ. ਜੀ. ਪੀ. ਸੀ. ਦੇ ਸਾਬਕਾ ਜਨਰਲ ਸਕੱਤਰ ਅਤੇ ਪੰਥਕ ਫਰੰਟ ਕਨਵੀਨਰ ਸੁਖਦੇਵ ਸਿੰਘ ਭੌਰ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਨ੍ਹਾਂ ਨਿਆਂਇਕ ਹਿਰਾਸਤ ‘ਚ ਜੇਲ ਭੇਜ ਦਿੱਤਾ ਹੈ। ਦੂਜੇ ਪਾਸੇ ਜਥੇਦਾਰ ਸੁਖਦੇਵ ਸਿੰਘ ਨੇ ਉਨ੍ਹਾਂ ‘ਤੇ ਦਰਜ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ।
ਦੱਸ ਦੇਈਏ ਕਿ ਸੁਖਦੇਵ ਸਿੰਘ ਭੌਰ ਵੱਲੋਂ ਕੀਤੀ ਗਈ ਟਿੱਪਣੀ ਦੀ ਵੀਡੀਓ ਵਾਇਰਲ ਹੋ ਗਈ ਸੀ, ਜਿਸ ਤੋਂ ਬਾਅਦ ਬੰਗਾ ‘ਚ ਸ਼ੁੱਕਰਵਾਰ ਨੂੰ ਸਥਿਤੀ ਤਣਾਅਪੂਰਨ ਹੋ ਗਈ ਸੀ। ਇਥੇ ਸੰਤ ਰਾਮਾਨੰਦ ਦੇ ਚੇਲਿਆਂ ਨੇ ਇਕੱਠੇ ਹੋ ਕੇ ਸੁਖਦੇਵ ਖਿਲਾਫ ਪ੍ਰਦਰਸ਼ਨ ਕੀਤਾ ਸੀ। ਥਾਣਾ ਸਦਰ ਨਵਾਂਸ਼ਹਿਰ ਪੁਲਸ ਨੇ ਸਮਾਜਿਕ ਵਰਕਰਾਂ ਸਤਪਾਲ ਸਾਹਲੋ, ਬਸਪਾ ਨੇਤਾ ਡਾ. ਨਛੱਤਰਪਾਲ, ਸਤਪਾਲ ਜੱਸੀ ਆਦਿ ਦੀ ਸ਼ਿਕਾਇਤ ‘ਤੇ ਸੁਖਦੇਵ ਸਿੰਘ ਡੌਰ ਖਿਲਾਫ ਧਾਰਮਿਕ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕਰ ਲਿਆ ਸੀ। ਇਸ ਦੇ ਕੁਝ ਸਮੇਂ ਬਾਅਦ ਹੀ ਪੁਲਸ ਨੇ ਭੌਰ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਸੀ।
ਮੇਰੇ ‘ਤੇ ਦਰਜ ਮਾਮਲਾ ਰਾਜਨੀਤੀ ਨਾਲ ਪ੍ਰੇਰਿਤ: ਸੁਖਦੇਵ ਸਿੰਘ ਭੌਰ
ਸੁਖਦੇਵ ਸਿੰਘ ਭੌਰ ਨੇ ਅਦਾਲਤ ਨੂੰ ਪੇਸ਼ ਹੋਣ ਜਾਂਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ‘ਤੇ ਦਰਜ ਮਾਮਲਾ ਰਾਜਨੀਤੀ ਨਾਲ ਪ੍ਰੇਰਿਤ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਵੀ ਜਾਤੀ ਅਤੇ ਧਰਮ ਖਿਲਾਫ ਨਹੀਂ ਹਨ। ਉਨ੍ਹਾਂ ਦਾ ਕਿਸੇ ਦੇ ਨਾਲ ਕੋਈ ਕਲੇਸ਼ ਨਹੀਂ ਹੈ। ਉਹ ਦੂਜੇ ਭਾਈਚਾਰੇ ਨਾਲ ਪਿਆਰ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਆਪਣੇ ਇਲਾਕੇ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਇਸ ਭਾਸ਼ਣ ‘ਚ ਕੀਤੀ ਗਈ ਟਿੱਪਣੀ ਲਈ ਫੇਸਬੁੱਕ ‘ਤੇ ਮੁਆਫੀ ਮੰਗ ਚੁੱਕ ਹਨ।