ਅਜਮੇਰ– ਅਾਮ ਅਾਦਮੀ ਪਾਰਟੀ (ਅਾਪ) ਰਾਜਸਥਾਨ ’ਚ ਹੋਣ ਵਾਲੀਅਾਂ ਵਿਧਾਨ ਸਭਾ ਚੋਣਾਂ ’ਚ ਸਾਰੀਅਾਂ 200 ਸੀਟਾਂ ’ਤੇ ਅਾਪਣੇ ਉਮੀਦਵਾਰ ਖੜ੍ਹੇ ਕਰੇਗੀ ਅਤੇ ਇਸ ਲਈ ਪਾਰਟੀ ਦਾ ਐਲਾਨ ਪੱਤਰ ਲਗਭਗ ਤਿਅਾਰ ਹੈ।
ਦਿੱਲੀ ਦੇ ਚਾਂਦਨੀ ਚੌਕ ਵਿਧਾਨ ਸਭਾ ਹਲਕੇ ਦੀ ‘ਅਾਪ’ ਦੀ ਵਿਧਾਇਕਾ ਅਲਕਾ ਲਾਂਬਾ ਨੇ ਅੱਜ ਇਥੇ ਇਹ ਜਾਣਕਾਰੀ ਦਿੰਦਿਅਾਂ ਪੱਤਰਕਾਰਾਂ ਨੂੰ ਦੱਸਿਅਾ ਕਿ ਸੂਬੇ ਦੀਅਾਂ ਵਿਧਾਨ ਸਭਾ ਚੋਣਾਂ ਲਈ 50 ਉਮੀਦਵਾਰਾਂ ਦੀ ਸੂਚੀ ਜਲਦੀ ਐਲਾਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜਸਥਾਨ ਦੀ ਜਨਤਾ ਚੱਕੀ ਦੇ ਦੋ ਪੁੜਾਂ ਵਿਚਾਲੇ ਪਿਸ ਰਹੀ ਹੈ ਅਤੇ ਇਥੋਂ ਦੀ ਜਨਤਾ ਤਬਦੀਲੀ ਚਾਹੁੰਦੀ ਹੈ। ਇਸ ਲਈ ‘ਅਾਪ’ ਉਨ੍ਹਾਂ ਨੂੰ ਇਕ ਬਦਲ ਦੇਣਾ ਚਾਹੁੰਦੀ ਹੈ। 10 ਸਤੰਬਰ ਨੂੰ ਭਾਰਤ ਬੰਦ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਲਾਂਬਾ ਨੇ ਕਿਹਾ ਕਿ ਕਾਂਗਰਸ ਦੇ ਭਾਰਤ ਬੰਦ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ ਪਰ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੇ ਮੁੱਦੇ ’ਤੇ ਪਾਰਟੀ ਦਾ ਸਮਰਥਨ ਹੈ ਕਿਉਂਕਿ ਇਹ ਮੁੱਦਾ ਅਾਪ ਪਰਿਵਾਰਾਂ ਦਾ ਮੁੱਦਾ ਹੈ ਅਤੇ ‘ਅਾਪ’ ਜਨਤਾ ਨਾਲ ਖੜ੍ਹੀ ਹੈ।