ਸ੍ਰੀ ਅਨੰਦਪੁਰ ਸਾਹਿਬ : ਬਲਾਕ ਸੰਮਤੀ ਸ੍ਰੀ ਅਨੰਦਪੁਰ ਸਾਹਿਬ ਦੀਆਂ ਅਗਾਮੀ ਚੋਣਾਂ ‘ਚ ਪਿੰਡ ਅਗੰਮਪੁਰ ਦੇ 16 ਨੰਬਰ ਜੋਨ ਤੋਂ ਅਕਾਲੀ-ਭਾਜਪਾ ਗਠਜੋੜ ਦੀ ਸਾਂਝੀ ਉਮੀਦਵਾਰ ਤਾਰਾ ਰਾਣੀ ਦੇ ਕਾਗਜ਼ ਰੱਦ ਕਰ ਦਿੱਤੇ ਜਾਣ ‘ਤੇ ਭਾਜਪਾ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕੀਤਾ ਹੈ। ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦੇ ਲੜਕੇ ਅਤੇ ਭਾਜਪਾ ਦੇ ਬੁਲਾਰੇ ਐਡਵੋਕੇਟ ਅਰਵਿੰਦ ਮਿੱਤਲ ਨੇ ਭਾਜਪਾ ਉਮੀਦਵਾਰ ਦੇ ਕਾਗਜ਼ ਰੱਦ ਕਰਨ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਇਹ ਚੋਣਾਂ ਜਿੱਤਣ ਲਈ ਗਠਜੋੜ ਦੇ ਉਮੀਦਵਾਰਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ, ਜਿਸ ਲਈ ਉਹ ਚੋਣ ਕਮਿਸ਼ਨ ਦਾ ਦਰਵਾਜਾ ਖੜਕਾਉਣਗੇ।
ਮਿਲੀ ਜਾਣਕਾਰੀ ਅਨੁਸਾਰ ਕਾਗਜਾਂ ਦੀ ਪੜਤਾਲ ਵਾਲੇ ਦਿਨ ਰਿਟਰਨਿੰਗ ਅਧਿਕਾਰੀ-ਕਮ ਉਪ ਮੰਡਲ ਮੈਜਿਸਟ੍ਰੇਟ ਹਰਬੰਸ ਸਿੰਘ ਵੱਲੋਂ ਅਗੰਮਪੁਰ ਜੋਨ ਦੀ ਉਮੀਦਵਾਰ ਤਾਰਾ ਰਾਣੀ ਦੀ ਕਾਗਜ਼ਾਂ ‘ਚ ਗਵਾਹੀ ਪਾਉਣ ਵਾਲੇ ਦੋਵੇਂ ਵਿਅਕਤੀਆਂ ਤਜਵੀਜ ਕਰਤਾ ਅਤੇ ਸਮੱਰਥਕ ਵੱਲੋਂ ਖੁਦ ਪੇਸ਼ ਹੋ ਕੇ ਬਿਆਨ ਦਿੱਤਾ ਗਿਆ ਕਿ ਉਨ੍ਹਾਂ ਦੋਹਾਂ ਵੱਲੋਂ ਕਾਗਜ਼ਾਂ ‘ਤੇ ਗਵਾਹੀ ਨਹੀਂ ਪਾਈ ਗਈ ਅਤੇ ਕੀਤੇ ਗਏ ਦਸਤਖਤ ਬਿਲਕੁੱਲ ਝੂਠੇ ਹਨ, ਇਸ ਆਧਾਰ ‘ਤੇ ਰਿਟਰਨਿੰਗ ਅਫਸਰ ਵੱਲੋਂ ਤਾਰਾ ਰਾਣੀ ਦੇ ਕਾਗਜਾਂ ਨੂੰ ਰੱਦ ਕਰ ਦਿੱਤਾ ਗਿਆ। ਦੂਜੇ ਪਾਸੇ ਇਹ ਵੀ ਦੱਸਣਾ ਬਣਦਾ ਹੈ ਕਿ ਚੋਣ ਕਮਿਸ਼ਨ ਦੀਆ ਹਦਾਇਤਾਂ ‘ਤੇ ਕਾਗਜ਼ਾਂ ਦੀ ਪੜਤਾਲ ਦੋਰਾਨ ਵੀਡੀਓਗ੍ਰਾਫੀ ਕਰਵਾਈ ਜਾ ਰਹੀ ਸੀ ਅਤੇ ਹਰੇਕ ਉਮੀਦਵਾਰ ਦੇ ਕਾਗਜ਼ਾਂ ਨੂੰ ਮੁਕੰਮਲ ਵੀਡੀਓਗ੍ਰਾਫੀ ਰਾਹੀ ਹੀ ਜਾਂਚ ‘ਚ ਲਿਆਂਦਾ ਜਾ ਰਿਹਾ ਸੀ। ਦੱਸਣਾ ਬਣਦਾ ਹੈ ਕਿ ਗਠਜੋੜ ਉਮੀਦਵਾਰ ਦੇ ਕਾਗਜ਼ ਰੱਦ ਹੋਣ ਨਾਲ ਕਾਂਗਰਸੀ ਉਮੀਦਵਾਰ ਰਾਮ ਪ੍ਰਕਾਸ਼ ਦੀ ਜਿੱਤ ਯਕੀਨੀ ਬਣ ਗਈ ਹੈ।