ਨਵੀਂ ਦਿੱਲੀ— ਸੀਨੀਅਰ ਆਪ ਨੇਤਾ ਸੰਜੈ ਸਿੰਘ ਨੇ ਦੋਸ਼ ਲਗਾਇਆ ਕਿ ਮੱਧ ਪ੍ਰਦੇਸ਼ ਦੇ ਛਿੰਦਵਾੜਾ ‘ਚ ਮੰਗਲਵਾਰ ਨੂੰ ਕੁਝ ਲੋਕਾਂ ਨੇ ਉਨ੍ਹਾਂ ਦੇ ਵਾਹਨ ‘ਤੇ ਹਮਲਾ ਕਰ ਦਿੱਤਾ। ਉਹ ਵਿਧਾਨਸਭਾ ਚੋਣ ਅਭਿਆਨ ਦੇ ਸੰਬੰਧ ‘ਚ ਉਥੇ ਪੁੱਜੇ ਸਨ। ਘਟਨਾ ਦੀ ਵੀਡੀਓ ‘ਚ ਕੁਝ ਲੋਕ ਸਿੰਘ ਨੂੰ ਕਾਲੇ ਝੰਡੇ ਦਿਖਾਉਂਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਵਾਹਨ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।
ਸਿੰਘ ਨੇ ਕਿਹਾ ਕਿ ਮੇਰੇ ਵਾਹਨ ‘ਤੇ ਹਮਲਾ ਕੀਤਾ ਗਿਆ ਅਤੇ ਕੁਝ ਲੋਕਾਂ ਨੇ ਦਰਵਾਜ਼ਾ ਖੋਲ੍ਹ ਕੇ ਮੈਨੂੰ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ। ਮੌਕੇ ‘ਤੇ ਮੌਜੂਦ ਪੁਲਸ ਕਰਮਚਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਇਆ ਅਤੇ ਵਾਹਨ ਦੇ ਕੱਢਣ ਦਾ ਰਸਤਾ ਬਣਾਇਆ। ਆਪ ਦੇ ਰਾਜਸਭਾ ਸੰਸਦ ਮੈਂਬਰ ਨੇ ਕਿਹਾ ਕਿ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਐਕਟ ‘ਚ ਸੋਧ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ ਕਰਨ ਲਈ ਰਾਜ ਦੇ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਸੇ ਘਟਨਾ ਦਾ ਜ਼ਿਕਰ ਨਹੀਂ ਕੀਤਾ। ਮੱਧ ਪ੍ਰਦੇਸ਼ ਦੀ 230 ਮੈਂਬਰੀ ਵਿਧਾਨਸਭਾ ‘ਚ ਇਸ ਸਾਲ ਅੰਤ ‘ਚ ਚੋਣਾਂ ਹੋਣ ਦੀ ਸੰਭਾਵਨਾ ਹੈ।