ਡਾ. ਚੀਮਾ ਨੇ ਕਿਹਾ ਕਿ ਮੋਗਾ ਏਡੀਸੀ ਦੀ ਸ਼ਿਕਾਇਤ ਨੇ ਅਕਾਲੀ ਦਲ ਵੱਲੋਂ ਲਾਏ ਜ਼ਿਲ•ਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ‘ਚ ਹੇਰਾਫੇਰੀ ਦੇ ਦੋਸ਼ਾਂ ਦੀ ਪੁਸ਼ਟੀ ਕੀਤੀ
ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰ ਸਿੰਘ ਗਰੇਵਾਲ ਨੂੰ ਧਮਕਾਉਣ ਅਤੇ ਇੱਕ ਸਰਕਾਰੀ ਅਧਿਕਾਰੀ ਨੂੰ ਆਪਣੀ ਸਰਕਾਰੀ ਡਿਊਟੀ ਕਰਨ ਤੋਂ ਰੋਕਣ ਲਈ ਮੋਗਾ ਜ਼ਿਲ•ੇ ਦੇ ਉਹਨਾਂ ਤਿੰਨ ਕਾਂਗਰਸੀ ਵਿਧਾਇਕਾਂ ਖ਼ਿਲਾਫ ਅਪਰਾਧਿਕ ਮਾਮਲੇ ਦਰਜ ਕਰਨ ਦੀ ਮੰਗ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਏਡੀਸੀ ਗਰੇਵਾਲ ਨੇ ਇਹ ਖੁਲਾਸੇ ਸਿਰਫ ਮੀਡੀਆ ਸਾਹਮਣੇ ਹੀ ਨਹੀਂ ਕੀਤੇ ਹਨ, ਸਗੋਂ ਇਸ ਸੰਬੰਧੀ ਰਾਜ ਚੋਣ ਕਮਿਸ਼ਨਰ ਨੂੰ ਵੀ ਸ਼ਿਕਾਇਤ ਦਿੱਤੀ ਹੈ, ਜਿਸ ਨਾਲ ਅਕਾਲੀ ਦਲ ਵੱਲੋਂ ਪੂਰੇ ਸੂਬੇ ਅੰਦਰ ਆਪਣੇ ਉਮੀਦਵਾਰਾਂ ਦੀਆਂ ਵੱਡੇ ਪੱਧਰ ਉੱਤੇ ਨਾਮਜ਼ਦਗੀਆਂ ਰੱਦ ਕੀਤੇ ਜਾਣ ਦੇ ਲਾਏ ਦੋਸਾਂਥ ਦੀ ਪੁਸ਼ਟੀ ਹੋ ਗਈ ਹੈ।
ਉਹਨਾਂ ਕਿਹਾ ਕਿ ਹੇਰਾਫੇਰੀਆਂ ਅਤੇ ਧੱਕੇਸ਼ਾਹੀਆਂ ਦੀ ਇਹ ਸਿਰਫ ਨਿੱਕੀ ਜਿਹੀ ਮਿਸਾਲ ਸਾਹਮਣੇ ਆਈ ਹੈ। ਇਹ ਗੱਲਾਂ ਸਾਰੇ ਸੂਬੇ ਵਿਚ ਵਾਪਰੀਆ ਹਨ। ਕਾਂਗਰਸੀ ਵਿਧਾਇਕਾਂ ਅਤੇ ਦੂਜੇ ਆਗੂਆਂ ਨੇ ਆਪੋ ਆਪਣੇ ਖੇਤਰਾਂ ਵਿੱਚ ਜਿੱਤਣ ਦੀ ਸੰਭਾਵਨਾ ਵਾਲੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਉਣ ਲਈ ਚੋਣ ਅਧਿਕਾਰੀਆਂ ਨੂੰ ਦਬਕਾਇਆ ਅਤੇ ਧਮਕਾਇਆ ਹੈ। ਉਹਨਾਂ ਕਿਹਾ ਕਿ ਬਹੁਤੇ ਚੋਣ ਅਧਿਕਾਰੀ ਕਾਂਗਰਸੀਆਂ ਦੇ ਦਬਾਅ ਥੱਲੇ ਆ ਗਏ ਪਰੰਤੂ ਕੁੱਝ ਗਰੇਵਾਲ ਜਿਹੇ ਵੀ ਸਨ, ਜਿਹਨਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਕਾਂਗਰਸ ਦੇ ਨਾਪਾਕ ਇਰਾਦਿਆਂ ਦਾ ਕੱਚਾ ਚਿੱਠਾ ਖੋਲ•ਣ ਦੀ ਦਲੇਰੀ ਵਿਖਾਈ।
ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਪਾਰਟੀ ਵੱਲੋਂ ਪਹਿਲਾਂ ਹੀ 249 ਉਮੀਦਵਾਰਾਂ ਦੀ ਸੂਚੀ ਦਿੱਤੀ ਜਾ ਚੁੱਕੀ ਹੈ, ਜਿਹਨਾਂ ਦੇ ਨਾਮਜ਼ਦਗੀ ਕਾਗਜ਼ ਰਿਟਰਨਿੰਗ ਅਧਿਕਾਰੀਆਂ ਦੁਆਰਾ ਕਾਂਗਰਸੀਆਂ ਦੇ ਇਸ਼ਾਰੇ ਉੱਤੇ ਬਿਨਾਂ ਕੋਈ ਠੋਸ ਕਾਰਣ ਦਿੱਤੇ ਰੱਦ ਕੀਤੇ ਗਏ ਸਨ। ਇਸ ਤਰ•ਾਂ ਕਾਂਗਰਸ ਨੇ ਪੰਚਾਇਤੀ ਚੋਣ ਪ੍ਰਕਿਰਿਆ ਨੂੰ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ।
ਅਕਾਲੀ ਆਗੂ ਨੇ ਦੱਸਿਆ ਕਿ ਏਡੀਸੀ ਨੇ ਦੋਸ਼ ਲਾਇਆ ਹੈ ਕਿ ਤਿੰਨ ਕਾਂਗਰਸੀ ਵਿਧਾਇਕਾਂ, ਮੋਗਾ ਦੇ ਡਾਕਟਰ ਹਰਜੋਤ ਕਮਲ, ਬਾਘਾ ਪੁਰਾਣਾ ਦੇ ਦਰਸ਼ਨ ਸਿੰਘ ਬਰਾੜ ਅਤੇ ਧਰਮਕੋਟ ਦੇ ਕਾਕਾ ਸੁਖਜੀਤ ਸਿੰਘ ਲੋਹਗੜ• ਆਪਣੇ ਸਮਰਥਕਾਂ ਸਮੇਤ ਉਸ ਦੇ ਕਮਰੇ ਵਿਚ ਆ ਵੜੇ ਅਤੇ ਉਸ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ। ਯੂਥ ਕਾਂਗਰਸੀ ਆਗੂ ਕੰਵਲਜੀਤ ਬਰਾੜ ਨੇ ਦਫਤਰ ਜਾਂਦੇ ਹੋਏ ਉਸ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਧਮਕਾਇਆ।
ਡਾਕਟਰ ਚੀਮਾ ਨੇ ਕਿਹਾ ਕਿ ਇਸ ਕਾਰਵਾਈ ਨਾਲ ਨਾ ਸਿਰਫ ਚੋਣ ਪ੍ਰਕਿਰਿਆ ਦੀ ਉਲੰਘਣਾ ਹੋਈ ਹੈ, ਸਗੋਂ ਇਹ ਘਟਨਾ ਸੂਬੇ ਅੰਦਰ ਕਾਨੂੰਨ ਦੀ ਹਾਲਤ ਖਸਤਾ ਹੋਣ ਦੀ ਵੀ ਪ੍ਰਤੀਕ ਹੈ। ਜੇਕਰ ਸੱਤਾਧਾਰੀ ਪਾਰਟੀ ਦੇ ਗੁੰਡਿਆਂ ਵੱਲੋਂ ਰਿਟਰਨਿੰਗ ਅਧਿਕਾਰੀਆਂ ਨੂੰ ਵੀ ਧਮਕਾਇਆ ਜਾ ਰਿਹਾ ਹੈ ਤਾਂ ਫਿਰ ਕੋਈ ਸੂਬੇ ਅੰਦਰ ਸੁਤੰਤਰ ਅਤੇ ਨਿਰਪੱਖ ਚੋਣਾਂ ਦੀ ਉਮੀਦ ਕਿਵੇਂ ਕਰ ਸਕਦਾ ਹੈ?
ਰਾਜ ਚੋਣ ਕਮਿਸ਼ਨਰ ਨੂੰ ਤੁਰੰਤ ਇਸ ਘਟਨਾ ਦੀ ਜਾਂਚ ਅਤੇ ਕਸੂਰਵਾਰ ਵਿਧਾਇਕਾਂ ਖ਼ਿਲਾਫ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੀਕ ਇਹਨਾਂ ਵਿਧਾਇਕਾਂ ਨੂੰ ਸੂਬੇ ਤੋਂ ਬਾਹਰ ਰਹਿਣ ਦਾ ਹੁਕਮ ਜਾਰੀ ਕਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਇਸ ਕਾਰਵਾਈ ਨਾਲ ਹੀ ਕਮਿਸ਼ਨ ਦੀ ਭਰੋਸੇਯੋਗਤਾ ਬਹਾਲ ਹੋਵੇਗੀ, ਜਿਸ ਨੂੰ ਚੋਣ ਅਧਿਕਾਰੀਆਂ ਵੱਲੋਂ ਵੱਡੀ ਪੱਧਰ ਉੱਤੇ ਮਨਮਰਜ਼ੀ ਨਾਲ ਕੀਤੀਆਂ ਨਾਮਜ਼ਦਗੀਆਂ ਸਦਕਾ ਵੱਡਾ ਖੋਰਾ ਲੱਗ ਚੁੱਕਿਆ ਹੈ।