ਅਜੈ ਆਪਣੀ ਅਗਲੀ ਫ਼ਿਲਮ ‘ਚ ਚਾਣਕਿਆ ਦੇ ਕਿਰਦਾਰ ‘ਚ ਨਜ਼ਰ ਆਏਗਾ। ਇਸ ‘ਚ ਉਹ ਦੋਹਰੀ ਭੂਮਿਕਾ ਨਿਭਾਏਗਾ …
ਫ਼ਿਲਮ ਨਿਰਦੇਸ਼ਕ ਨੀਰਜ ਪਾਂਡੇ ਨੇ ਰੁਸਤਮ, ਸਪੈਸ਼ਲ 26 ਅਤੇ ਬੇਬੀ ਵਰਗੀਆਂ ਚੰਗੀਆਂ ਫ਼ਿਲਮਾਂ ਡਾਇਰੈਕਟ ਕੀਤੀਆਂ ਹਨ। ਜ਼ਿਆਦਾਤਰ ਅਕਸ਼ੈ ਕੁਮਾਰ ਨਾਲ ਫ਼ਿਲਮਾਂ ਬਣਾਉਣ ਵਾਲਾ ਡਾਇਰੈਕਟਰ ਨੀਰਜ ਪਹਿਲੀ ਵਾਰ ਅਦਾਕਾਰ ਅਜੈ ਦੇਵਗਨ ਨਾਲ ਫ਼ਿਲਮ ਬਣਾਉਣ ਜਾ ਰਿਹਾ ਹੈ। ਅਸਲ ‘ਚ ਉਸ ਦੀ ਅਗਲੀ ਫ਼ਿਲਮ ਚਾਣਕਿਆ ‘ਚ ਅਜੈ ਮੁੱਖ ਕਿਰਦਾਰ ਨਿਭਾ ਰਿਹਾ ਹੈ। ਇਹ ਫ਼ਿਲਮ ਚਾਣਕਿਆ ਦੇ ਜੀਵਨ ਅਤੇ ਉਸ ਦੀਆਂ ਸਿੱਖਿਆਵਾਂ ‘ਤੇ ਆਧਾਰਿਤ ਹੋਵੇਗੀ। ਫ਼ਿਲਮ ‘ਚ ਚਾਣਕਿਆ ਦਾ ਕਿਰਦਾਰ ਅਜੈ ਦੇਵਗਨ ਨਿਭਾਏਗਾ। ਫ਼ਿਲਮ ਦੀ ਸ਼ੂਟਿੰਗ ਦਸੰਬਰ ਤੋਂ ਸ਼ੁਰੂ ਹੋਵੇਗੀ ਅਤੇ ਅਗਲੇ ਸਾਲ ਇਸ ਨੂੰ ਰਿਲੀਜ਼ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਫ਼ਿਲਮ ਨਾਲ ਜੁੜੇ ਸੂਤਰਾਂ ਅਨੁਸਾਰ ਅਜੈ ਇਸ ‘ਚ ਡਬਲ ਰੋਲ ਵੀ ਨਿਭਾਏਗਾ। ਕਹਾਣੀ ਅਨੁਸਾਰ ਅਜੋਕੇ ਦੌਰ ਦਾ ਇੱਕ ਵਿਅਕਤੀ ਹੋਵੇਗਾ ਜੋ ਚਾਣਕਿਆ ਦੀ ਤਰ੍ਹਾਂ ਸੋਚਦਾ ਹੈ ਅਤੇ ਕੰਮ ਕਰਦਾ ਹੈ। ਉਹ ਚਾਣਕਿਆ ਦੀ ਜ਼ਿੰਦਗੀ ਪ੍ਰਤੀ ਸੋਚ ਅਤੇ ਰਾਜਨੀਤੀ ਸਰੋਤਾਂ ਨੂੰ ਅਜੋਕੇ ਦੌਰ ‘ਚ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਵਿਅਕਤੀ ਦਾ ਕਿਰਦਾਰ ਅਜੈ ਨਿਭਾਏਗਾ। ਅਜੈ ਦਾ ਦੂਜਾ ਰੋਲ ਚਾਣਕਿਆ ਦਾ ਹੋਵੇਗਾ। ਇਹ ਫ਼ਿਲਮ ਕੁੱਝ ਹੱਦ ਤਕ ਲਗੇ ਰਹੋ ਮੁੰਨਾਭਾਈ ਵਰਗੀ ਹੋਵੇਗੀ ਜਿਸ ਤਰ੍ਹਾਂ ਮੁੰਨਾਭਾਈ ਨੂੰ ਮਹਾਤਮਾ ਗਾਂਧੀ ਨਜ਼ਰ ਆਉਂਦੇ ਹਨ ਉਸੇ ਤਰ੍ਹਾਂ ਆਮ ਆਦਮੀ ਦਾ ਕਿਰਦਾਰ ਨਿਭਾ ਰਹੇ ਅਜੈ ਨੂੰ ਚਾਣਕਿਆ ਬਣਿਆ ਅਜੈ ਨਜ਼ਰ ਆਵੇਗਾ।