ਆਮਿਰ ਖ਼ਾਨ ਕਾਫ਼ੀ ਸਮੇਂ ਤੋਂ ਮਹਾਭਾਰਤ ‘ਤੇ ਆਧਾਰਿਤ ਫ਼ਿਲਮ ਬਣਾਉਣੀ ਚਾਹੁੰਦਾ ਸੀ। ਹੁਣ ਉਸ ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅੱਜ ਕੱਲ੍ਹ ਆਮਿਰ ਮਹਾਭਾਰਤ ਪੜ੍ਹ ਰਿਹਾ ਹੈ ਅਤੇ ਉਹ ਇਸ ਦੇ ਤਿੰਨ ਭਾਗ ਬਣਾਉਣੇ ਚਾਹੁੰਦਾ ਹੈ …
ਆਮਿਰ ਖ਼ਾਨ ਦੇ ਡਰੀਮ ਪ੍ਰੌਜੈਕਟ ਮਹਾਭਾਰਤ ਦੀ ਚਰਚਾ ਪਿਛਲੇ ਕੁੱਝ ਸਮੇਂ ਤੋਂ ਕਾਫ਼ੀ ਜ਼ਿਆਦਾ ਹੋਣੀ ਸ਼ੁਰੂ ਹੋ ਗਈ ਹੈ। ਪਹਿਲਾਂ ਇਹ ਪ੍ਰੌਜੈਕਟ ਬੰਦ ਹੋਣ ਵਾਲਾ ਸੀ, ਪਰ ਹੁਣ ਸੂਤਰਾਂ ਮੁਤਾਬਿਕ ਆਮਿਰ ਖ਼ੁਦ ਮਹਾਭਾਰਤ ਪੜ੍ਹ ਰਿਹਾ ਹੈ। ਦੂਜੇ ਪਾਸੇ, ਆਮਿਰ ਦਾ ਕਹਿਣਾ ਹੈ ਕਿ ਇੱਕ ਹੀ ਫ਼ਿਲਮ ‘ਚ ਪੂਰੇ ਮਹਾਭਾਰਤ ਦੀ ਕਹਾਣੀ ਨੂੰ ਵਿਖਾਉਣਾ ਬਹੁਤ ਮੁਸ਼ਕਿਲ ਕੰਮ ਹੈ। ਇਸ ਕਾਰਨ ਉਹ ਇਸ ‘ਤੇ ਤਿੰਨ ਭਾਗ ਬਣਾਉਣੇ ਚਾਹੁੰਦਾ ਹੈ। ਸੂਤਰਾਂ ਅਨੁਸਾਰ ਆਮਿਰ ਖ਼ਾਨ ਨੇ ਇਸ ਨੂੰ ਲੈ ਕੇ ਪੂਰੀ ਤਿਆਰੀ ਵੀ ਕਰ ਲਈ ਹੈ। ਅਸਲ ਵਿੱਚ ਪਿਛਲੇ ਦਿਨੀਂ ਉਸ ਨੇ ਆਪਣੀ ਇਸ ਫ਼ਿਲਮ ਨੂੰ ਲੈ ਕੇ ਕਈ ਅਹਿਮ ਫ਼ੈਸਲੇ ਕੀਤੇ ਹਨ। ਆਮਿਰ ਨੇ ਇਸ ਫ਼ਿਲਮ ਲਈ ਅਦਾਕਾਰ ਪ੍ਰਭਾਤ ਨਾਲ ਗੱਲਬਾਤ ਕੀਤੀ ਹੈ। ਫ਼ਿਲਮ ਬਾਹੂਬਲੀ ‘ਚ ਪ੍ਰਭਾਤ ਨੇ ਜਿਸ ਤਰ੍ਹਾਂ ਦੀ ਅਦਾਕਾਰੀ ਕੀਤੀ ਸੀ ਉਸ ਤੋਂ ਆਮਿਰ ਬੇਹੱਦ ਪ੍ਰਭਾਵਿਤ ਹੋਇਆ ਹੈ। ਉਹ ਪ੍ਰਭਾਤ ਨੂੰ ਹਰ ਹਾਲ ‘ਚ ਮਹਾਂਭਾਰਤ ਨਾਲ ਜੋੜਨਾ ਚਾਹੁੰਦਾ ਹੈ। ਪ੍ਰਭਾਸ ਇਸ ਫ਼ਿਲਮ ‘ਚ ਕੀ ਰੋਲ ਨਿਭਾਏਗਾ ਇਹ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ, ਪਰ ਸੂਤਰਾਂ ਮੁਤਾਬਿਕ ਉਹ ਅਰਜੁਨ ਦੇ ਕਿਰਦਾਰ ਲਈ ਫ਼ਾਈਨਲ ਹੋ ਸਕਦਾ ਹੈ। ਉਥੇ ਹੀ ਆਮਿਰ ਖ਼ਾਨ ਦੇ ਮੁਤਾਬਿਕ ਇਸ ਫ਼ਿਲਮ ਲਈ ਇੱਕ ਬੇਹੱਦ ਕਾਬਿਲ ਨਿਰਦੇਸ਼ਕ ਦੀ ਵੀ ਜ਼ਰੂਰਤ ਹੈ ਅਤੇ ਇਸ ਲਈ ਇਹ ਜ਼ਿੰਮੇਵਾਰੀ ਉਹ ਐੱਸ. ਐੱਸ ਰਾਜਾਮੌਲੀ ਨੂੰ ਦੇਣਾ ਚਾਹੁੰਦਾ ਹੈ। ਰਾਜਾਮੌਲੀ ਵੱਡੇ ਬਜਟ ਦੀ ਫ਼ਿਲਮ ਨੂੰ ਚੰਗੀ ਤਰ੍ਹਾਂ ਨਿਰਦੇਸ਼ਿਤ ਕਰਨ ਦੀ ਕਾਬਲੀਅਤ ਰੱਖਦਾ ਹੈ। ਫ਼ਿਲਮ ਬਾਹੂਬਲੀ ਉਸ ਦੇ ਕੰਮ ਦੀ ਚੰਗੀ ਉਦਾਹਰਣ ਹੈ। ਦੂਜੇ ਪਾਸੇ, ਰਾਜਾਮੌਲੀ ਵੀ ਕਾਫ਼ੀ ਸਮੇਂ ਤੋਂ ਮਹਾਭਾਰਤ ‘ਤੇ ਫ਼ਿਲਮ ਬਣਾਉਣ ਦੀ ਸੋਚ ਰਿਹਾ ਹੈ। ਆਮਿਰ ਦਾ ਮੰਨਣਾ ਹੈ ਕਿ ਕਿਉਂ ਨਾ ਉਹ ਅਤੇ ਰਾਜਾਮੌਲੀ ਮਿਲ ਕੇ ਇਹ ਫ਼ਿਲਮ ਬਣਾਉਣ। ਆਮਿਰ ਖ਼ੁਦ ਇਸ ‘ਚ ਅਹਿਮ ਕਿਰਦਾਰ ਨਿਭਾਏਗਾ। ਉਹ ਕਰਨ ਜਾਂ ਕ੍ਰਿਸ਼ਨ ਦੀ ਭੂਮਿਕਾ ‘ਚ ਨਜ਼ਰ ਆ ਸਕਦਾ ਹੈ। ਵੈਸੇ ਇਹ ਸੰਭਾਵਨਾ ਜ਼ਿਆਦਾ ਹੈ ਕਿ ਉਹ ਇਸ ਫ਼ਿਲਮ ‘ਚ ਕ੍ਰਿਸ਼ਨ ਦਾ ਰੋਲ ਨਿਭਾਏਗਾ ਕਿਉਂਕਿ ਇਸ ਨਾਲ ਉਹ ਫ਼ਿਲਮ ਦੇ ਤਿੰਨੋਂ ਹਿੱਸਿਆਂ ‘ਚ ਵਿਖਾਈ ਦੇਵੇਗਾ। ਹਾਲ ਹੀ ‘ਚ ਆਮਿਰ ਨੇ ਕਿਹਾ ਸੀ ਕਿ ਅਭਿਨੇਤਰੀ ਦੀਪਿਕਾ ਇਸ ਪ੍ਰੌਜੈਕਟ ‘ਚ ਦਰੋਪਤੀ ਦਾ ਕਿਰਦਾਰ ਨਿਭਾਉਣ ਲਈ ਬਿਲਕੁਲ ਸਹੀ ਹੋਵੇਗੀ।