ਅੱਜ ਕਲ੍ਹ ਬੌਲੀਵੁਡ ‘ਚ ਲਗਾਤਾਰ ਬਾਇਓਪਿਕਸ ਬਣ ਰਹੀਆਂ ਹਨ। ਖ਼ਾਸ ਤੌਰ ‘ਤੇ ਖਿਡਾਰੀਆਂ ਬਾਰੇ ਬਣਨ ਵਾਲੀਆਂ ਬਾਇਓਪਿਕਸ ਦੀ ਗਿਣਤੀ ਕੁੱਝ ਜ਼ਿਆਦਾ ਹੀ ਹੈ। ਅਜਿਹੇ ‘ਚ ਸ਼ਾਹਿਦ ਕਪੂਰ ਵੀ ਹੁਣ ਇੱਕ ਖੇਡ ਆਧਾਰਿਤ ਫ਼ਿਲਮ ਕਰਨ ਜਾ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਸੁਪਰਸਟਾਰ ਸ਼ਾਹਿਦ ਕਪੂਰ ਏਸ਼ੀਅਨ ਗੇਮਜ਼ ਗੋਲਡ ਮੈਡਲਿਸਟ ਮੁੱਕੇਬਾਜ਼ ਚੈਂਪੀਅਨ ਡਿੰਗਕੋ ਸਿੰਘ ਦਾ ਕਿਰਦਾਰ ਨਿਭਾਉਣ ਜਾ ਰਿਹਾ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਰਾਜਾ ਕ੍ਰਿਸ਼ਨਾ ਮੈਨਨ ਕਰ ਰਿਹਾ ਹੈ ਜਿਸ ਨੇ ਏਅਰਲਿਫ਼ਟ ਅਤੇ ਸ਼ੈੱਫ਼ ਵਰਗੀਆਂ ਫ਼ਿਲਮਾਂ ਬਣਾਈਆਂ। ਇਹ ਫ਼ਿਲਮ ਇਸ ਸਾਲ ਦੇ ਅਖ਼ੀਰ ਤਕ ਫ਼ਲੋਰ ‘ਤੇ ਆ ਜਾਵੇਗੀ। ਮਣੀਪੁਰ ਦੇ ਇਸ ਖਿਡਾਰੀ ਨਾਗਗਾਮ ਡਿੰਗਕੋ ਸਿੰਘ ਖੇਡ ਦੀ ਦੁਨੀਆ ‘ਚ ਡਿੰਗਕੋ ਸਿੰਘ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਉਸ ਨੇ 54 ਕਿੱਲੋ ਭਾਰ ਦੀ ਕੈਟੇਗਰੀ ‘ਚ ਗੋਲਡ ਮੈਡਲ ਹਾਸਿਲ ਕੀਤਾ ਸੀ। ਸਾਲ 2013 ‘ਚ ਉਸ ਨੂੰ ਪਦਮਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਡਿੰਗਕੋ ਉਨ੍ਹਾਂ ਸਾਰੇ ਮੁੱਕੇਬਾਜ਼ਾਂ ਲਈ ਪ੍ਰੇਰਨਾਦਾਇਕ ਹੈ ਜੋ ਉਸ ਤੋਂ ਬਾਅਦ ਇਸ ਖੇਤਰ ‘ਚ ਆਏ। ਡਿੰਗਕੋ ਨੇ ਕਈ ਜਵਾਨ ਮੁੱਕੇਬਾਜ਼ਾਂ ਨੂੰ ਵੀ ਚੁਣੌਤੀ ਦਿੱਤੀ ਹੈ। ਸ਼ਾਹਿਦ ਨੇ ਇਸ ਬਾਇਓਪਿਕ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਉਸ ਨੇ ਫ਼ਿਲਮ ਨੂੰ ਹਾਂ ਇਸ ਲਈ ਕੀਤੀ ਹੈ ਕਿਉਂਕਿ ਇਹ ਉਸ ਖਿਡਾਰੀ ਦੀ ਕਹਾਣੀ ਹੈ ਜਿਸ ਬਾਰੇ ‘ਚ ਲੋਕ ਜ਼ਿਆਦਾ ਨਹੀਂ ਜਾਣਦੇ ਸਨ। ਸ਼ਾਹਿਦ ਨੇ ਅੱਗੇ ਗੱਲ ਕਰਦਿਆਂ ਕਿਹਾ ਕਿ ਜੇ ਦੰਗਲ ਫ਼ਿਲਮ ਨਾ ਬਣੀ ਹੁੰਦੀ ਤਾਂ ਮਹਾਂਵੀਰ ਸਿੰਘ ਫ਼ੋਗਾਟ ਅਤੇ ਫ਼ੋਗਾਟ ਭੈਣਾ ਬਾਰੇ ਸਾਨੂੰ ਅੱਜ ਬਹੁਤਾ ਪਤਾ ਨਾ ਹੁੰਦਾ। ਡਿੰਗਕੋ ਤਾਂ ਕੈਂਸਰ ਸਰਵਾਇਵਰ ਵੀ ਰਿਹਾ ਹੈ। ਉਸ ਨੇ ਹੁਣ ਤਕ 13 ਵਾਰ ਕੀਮੋਥੈਰੇਪੀ ਕਰਵਾਈ ਹੈ। ਉਹ ਹਮੇਸ਼ਾ ਕਹਿੰਦਾ ਸੀ ਕਿ ਉਸ ਲਈ ਕੈਂਸਰ ‘ਤੇ ਜਿੱਤ ਪ੍ਰਾਪਤ ਕਰਨੀ ਸਭ ਤੋਂ ਵੱਡੀ ਚੁਣੌਤੀ ਸੀ। ਉਸ ਨੇ 19 ਸਾਲ ਦੀ ਉਮਰ ‘ਚ ਸਾਲ 1998 ਦੇ ਏਸ਼ੀਅਨ ਗੇਮਜ਼ ‘ਚ ਗੋਲਡ ਮੈਡਲ ਹਾਸਿਲ ਕੀਤਾ ਸੀ। ਕੈਂਸਰ ਤੋਂ ਪੀੜਿਤ ਰਹਿਣ ਦੌਰਾਨ ਕ੍ਰਿਕਟਰ ਗੌਤਮ ਗੰਭੀਰ ਨੇ ਉਸ ਦਾ ਪੂਰਾ ਇਲਾਜ ਕਰਵਾਇਆ। ਇਸ ਤੋਂ ਬਾਅਦ 13 ਡਾਕਟਰਾਂ ਨੇ ਵੀ ਉਸ ਮਦਦ ਕੀਤੀ ਸੀ। ਵੈਸੇ ਅਗਲੇ ਮਹੀਨੇ ਸ਼ਾਹਿਦ ਕਪੂਰ ਦੀ ਫ਼ਿਲਮ ਬੱਤੀ ਗੁੱਲ ਮੀਟਰ ਚਾਲੂ ਰਿਲੀਜ਼ ਹੋਣ ਵਾਲੀ ਹੈ। ਇਸ ‘ਚ ਉਸ ਨਾਲ ਸ਼੍ਰਧਾ ਕਪੂਰ ਵੀ ਨਜ਼ਰ ਆਏਗੀ।