ਨਵੀਂ ਦਿੱਲੀ— ਭਗੋੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਦੇ ਦਾਅਵੇ ਨਾਲ ਰਾਜਨੀਤੀਕ ਭੂਚਾਲ ਆ ਗਿਆ ਹੈ। ਭਾਜਪਾ ਅਤੇ ਕਾਂਗਰਸ ਵਿਚ ਦੋਸ਼ ਦਾ ਸਿਲਸਿਲਾ ਜਾਰੀ ਹੈ। ਭਾਜਪਾ ਦੀ ਸਫਾਈ ਦੇ ਬਾਅਦ ਹੁਣ ਕਾਂਗਰਸ ਨੇ ਪ੍ਰੈੱਸ ਕਾਨਫਰੰਸ ਕਰ ਵਿੱਤ ਮੰਤਰੀ ‘ਤੇ ਦੋਸ਼ ਲਗਾਇਆ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਲੰਬੇ ਬਲਾਂਗ ਲਿਖਣ ਵਾਲੇ ਜੇਤਲੀ ਇਸ ਮਾਮਲੇ ‘ਚ ਝੂਠ ਬੋਲ ਰਹੇ ਹਨ। ਸਾਡੇ ਕੋਲ ਸਬੂਤ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਸੀਨੀਅਰ ਨੇਤਾ ਪੀ.ਐੱਲ.ਪੁਨਿਆ ਨੇ 1 ਮਾਰਚ 2016 ਨੂੰ ਇਨ੍ਹਾਂ ਦੋਹਾਂ ਨੂੰ ਮਿਲਦੇ ਦੇਖਿਆ ਸੀ। ਜੇਤਲੀ ਮਾਲਿਆ ਨਾਲ 15-20 ਮਿੰਟ ਤਕ ਗੱਲਬਾਤ ਕੀਤੀ। ਰਾਹੁਲ ਨੇ ਕਿਹਾ ਕਿ ਇਸ ਮੁਲਾਕਾਤ ਦੌਰਾਨ ਜ਼ਰੂਰ ਕੋਈ ਨਾ ਕੋਈ ਡੀਲ ਹੋਈ ਹੈ। ਵਿੱਤ ਮੰਤਰੀ ਨੂੰ ਇਹ ਦੱਸ ਦੇਣਾ ਚਾਹੀਦਾ ਹੈ ਅਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮੈਂ ਗਲਤ ਹੋਇਆ ਤਾਂ ਰਾਜਨੀਤੀ ਛੱਡ ਦੇਵਾਂਗਾ ਅਤੇ ਦੋਸ਼ ਸਹੀ ਹਨ ਤਾਂ ਜੇਤਲੀ ਰਾਜਨੀਤੀ ਛੱਡ ਦੇਣ।
ਕਾਂਗਰਸ ਨੇਤਾ ਪੁਨੀਆ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੇ ਦੇਸ਼ ਤੋਂ ਭੱਜਣ ਤੋਂ ਦੋ ਦਿਨ ਪਹਿਲਾਂ ਉਸ ਨਾਲ ਸੰਸਦ ਦੇ ਕੇਂਦਰੀ ਕਮਰੇ ‘ਚ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਗੱਲ ਕਰਦੇ ਹੋਏ ਦੇਖਿਆ ਸੀ। ਮੈਂ ਦੇਖਿਆ ਕਿ ਦੋਹੇ ਖੜੇ ਹੋ ਕੇ ਗੱਲਬਾਤ ਕਰ ਰਹੇ ਹਨ। ਇਸ ਨਾਲ ਪਹਿਲਾਂ ਕੱਲ ਰਾਤ ਪੁਨੀਆ ਨੇ ਟਵੀਟ ਕਰ ਜੇਤਲੀ ‘ਤੇ ਝੂਠ ਬੋਲਣ ਦਾ ਦੋਸ਼ ਲਗਾਇਆ ਸੀ।
ਦੱਸ ਦੇਈਏ ਕਿ ਮਾਲਿਆ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਭਾਰਤ ਤੋਂ ਰਵਾਨਾ ਹੋਣ ਤੋਂ ਪਹਿਲਾਂ ਵਿੱਤ ਮੰਤਰੀ ਨੂੰ ਮਿਲਿਆ ਸੀ। ਲੰਡਨ ‘ਚ ਵੈਸਟਮਿੰਸਟਰ ਮਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਹੋਣ ਲਈ ਪਹੁੰਚੇ ਮਾਲਿਆ ਨੇ ਸੰਵਾਦਦਾਤਾਵਾਂ ਨੂੰ ਦੱਸਿਆ ਕਿ ਉਸ ਨੇ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਅਤੇ ਬੈਂਕਾਂ ਦੇ ਨਾਲ ਮਾਮਲੇ ਦਾ ਨਿਪਟਾਰਾ ਕਰਨ ਦੀ ਪੇਸ਼ਕਸ਼ ਕੀਤੀ ਸੀ।