ਨਵੀਂ ਦਿੱਲੀ—ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਇਲਾਜ ਦੇਸ਼ ਦੀ ਰਾਜਧਾਨੀ ਦਿੱਲੀ ਦੇ ਏਮਜ਼ ‘ਚ ਚੱਲ ਰਿਹਾ ਹੈ, ਉਥੇ ਹੀ ਗੋਆ ‘ਚ ਸਿਆਸੀ ਫੇਰਬਦਲ ਸ਼ੁਰੂ ਹੋ ਗਿਆ ਹੈ। ਜਾਣਕਾਰੀ ਮੁਤਾਬਕ ਕਾਂਗਰਸ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਕਾਂਗਰਸ ਦੇ 14 ਵਿਧਾਇਕ ਸੋਮਵਾਰ ਨੂੰ ਰਾਜਪਾਲ ਮ੍ਰਿਦੁਲਾ ਸਿਨ੍ਹਾ ਨੂੰ ਮਿਲਣ ਰਾਜ ਭਵਨ ਪਹੁੰਚੇ।
ਰਾਜਪਾਲ ਦੇ ਇਥੇ ਮੌਜੂਦ ਨਾ ਹੋਣ ‘ਤੇ ਕਾਂਗਰਸ ਦਾ ਪ੍ਰਤੀਨਿਧੀਮੰਡਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਵਾਲਾ ਪੱਤਰ ਉਥੇ ਛੱਡ ਕੇ ਵਾਪਸ ਆ ਗਏ। ਗੋਆ ਵਿਧਾਨਸਭਾ ‘ਚ 40 ਵਿਧਾਨ ਸਭਾ ਸੀਟਾਂ ਹਨ। 2017 ‘ਚ ਹੋਈਆਂ ਚੋਣਾਂ ਮੁਤਾਬਕ ਭਾਜਪਾ ਸਰਕਾਰ ਕੋਲ ਆਜ਼ਾਦ ਤੇ ਹੋਰ ਪਾਰਟੀਆਂ ਦੇ ਸਮਰਥਨ ਨਾਲ 24 ਸੀਟਾਂ ਹਨ, ਜੋ ਸਰਕਾਰ ਬਣਾਉਣ ਲਈ ਜ਼ਰੂਰੀ 21 ਸੀਟਾਂ ਤੋਂ 3 ਸੀਟਾਂ ਜ਼ਿਆਦਾ ਹੈ। ਜਦਕਿ ਕਾਂਗਰਸ ਗੋਆ 16 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਹੈ। ਭਾਜਪਾ ਕੋਲ 14 ਸੀਟਾਂ ਹਨ। ਗੋਆ ‘ਚ ਭਾਰਤੀ ਜਨਤਾ ਪਾਰਟੀ ਨੇ ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ, ਗੋਆ ਫਾਰਵਰਡ ਪਾਰਟੀ ਤੇ ਆਜ਼ਾਦ ਉਮੀਦਵਾਰਾਂ ਨਾਲ ਮਿਲ ਕੇ ਸਰਕਾਰ ਬਣਾਈ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਬਿਮਾਰ ਹੋਣ ਦੇ ਚਲਦਿਆਂ ਇਥੇ ਸਰਕਾਰ ਦੀ ਕਮਾਨ ਦੇਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਹਾਲਾਂਕਿ ਭਾਜਪਾ ਨੇ ਇਸ ਤੋਂ ਇਨਕਾਰ ਕੀਤਾ ਹੈ।