ਸੁਖਬੀਰ ਬਾਦਲ ਨੂੰ ਲੋਕਾਂ ਦੀ ਸਜਾ ਤੋਂ ਬਾਅਦ ਹੁਣ ਕਾਨੂੰਨੀ ਸਜਾ ਮਿਲਣ ਦੀ ਵੀ ਤਿਆਰੀ
ਬੀਬੀ ਬਾਦਲ ਨੇ ਬਠਿੰਡਾ ਲੋਕ ਸਭਾ ਹਲਕੇ ਨੂੰ ਨੀਂਹ ਪੱਥਰਾਂ ਦੀ ਮੂਰਤੀ ਬਣਾਇਆ
ਮਾਨਸਾ – ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀ ਤੱਕੜੀ ਵਿਚ, ਜਦੋਂ ਸਮੈਕ ਸਮੇਤ ਹੋਰ ਨਸ਼ੇ ਤੁਲਣ ਲੱਗ ਪਏ ਤਾਂ ਉਸ ਪਾਰਟੀ ਦਾ ਸਿਧਾਂਤ ਉਸ ਦਿਨ ਤੋਂ ਹੀ ਲੀਰੋ—ਲੀਰ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਦਸ ਸਾਲਾ ਰਾਜ ਦੌਰਾਨ, ਜਿੰਨੇ ਅਕਾਲੀ ਜਥੇਦਾਰਾਂ ਉਤੇ ਨਸ਼ੇ ਵੇਚਣ ਅਤੇ ਰੱਖਣ ਦੇ ਪੁਲੀਸ ਮਾਮਲੇ ਦਰਜ ਹੋਏ ਹਨ, ਇਹ ਆਪਣੇ ਆਪ ਵਿਚ ਇਕ ਮੰਦਭਾਗਾ ਰਿਕਾਰਡ ਹੈ, ਜਦੋਂ ਕਿ ਅਨੇਕਾਂ ਹੋਰ ਵੱਡੇ—ਵੱਡੇ ਜਥੇਦਾਰ ਅਜਿਹੇ ਨਸ਼ੇ ਵੇਚਦੇ ਰਹੇ ਹਨ, ਜਿੰਨ੍ਹਾਂ ਉਪਰ ਪੁਲੀਸ ਵੱਲੋਂ ਪਰਚੇ ਦਰਜ ਕਰਨ ਦੀ ਕੋਈ ਹਿੰਮਤ ਨਹੀਂ ਸੀ। ਉਹ ਪਿੰਡ ਭੈਣੀਬਾਘਾ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਆਪਣੀ ਤਕਰੀਰ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਿਆਸੀ ਤਾਕਤ ਦੇ ਨਸ਼ੇ ਵਿੱਚ ਕੀਤੇ ਗਏ ਗੁਨਾਹਾਂ ਦੀ ਸਜਾ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਦੇ ਦਿੱਤੀ ਹੈ ਅਤੇ 25 ਸਾਲ ਰਾਜ ਕਰਨ ਦੇ ਸੁਪਨੇ ਲੈਣ ਵਾਲਿਆਂ ਨੂੰ 25 ਸੀਟਾਂ ਵਿਧਾਨ ਸਭਾ ਦੀਆਂ ਵੀ ਨਹੀਂ ਜਿਤਾਈਆਂ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਦਿੱਤੀ ਗਈ ਸਜਾ ਤੋਂ ਬਾਅਦ ਹੁਣ ਸੁਖਬੀਰ ਬਾਦਲ ਐਂਡ ਕੰਪਨੀ ਨੂੰ ਕਾਨੂੰਨੀ ਸਜਾ ਮਿਲਣ ਦੀਆਂ ਸੰਭਾਵਨਾਵਾਂ ਨਜਰ ਆ ਰਹੀਆਂ ਹਨ, ਜਦੋਂ ਧਰਮ ਨਾਲ ਕੀਤੀਆਂ ਕੋਝੀਆਂ ਹਰਕਤਾਂ ਦੀ ਸਜਾ ਵੱਖਰੇ ਤੌਰ *ਤੇ ਮਿਲਣੀ ਹੈ।
ਖਜਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਰਾਜਭਾਗ ਦੌਰਾਨ ਸੁਖਬੀਰ ਸਿੰਘ ਬਾਦਲ ਲੋਕਾਂ ਨੂੰ ਟਿੱਚ ਸਮਝਦਾ ਰਿਹਾ ਹੈ ਅਤੇ ਹੁਣ ਜਦੋਂ ਸਤਾ ਖੁਸ ਗਈ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਆਪਣੀ ਰੱਖਿਆ ਲਈ ਢਾਲ ਬਣਾਕੇ ਵਰਤਣਾ ਚਾਹੁੰਦਾ ਹੈ, ਪਰ ਇਹ ਕੁਦਰਤ ਦਾ ਨਿਯਮ ਹੈ ਕਿ ਕਸੂਰਵਾਰਾਂ ਨੂੰ ਹਰ ਹਾਲਤ ਵਿਚ ਆਪਣੇ ਕੀਤੇ ਗੁਨਾਹਾਂ ਦੀ ਸਜਾ ਭੁਗਤਣੀ ਪੈਂਦੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਸੁਪਨਾ ਹੈ ਕਿ ਬਾਦਲ ਪਰਿਵਾਰ ਵਰਗੇ ਲੋਕਾਂ ਨੂੰ ਰਾਜਨੀਤੀ ਤੋਂ ਪਿੱਛੇ ਖਿੱਚਕੇ ਇਕ ਸੋਹਣੇ ਅਤੇ ਤੰਦਰੁਸਤ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ, ਜਿਸ ਵਿਚ ਰਾਜਨੀਤਿਕ ਭ੍ਰਿਸ਼ਟਾਚਾਰ ਦੀ ਬਿਜਾਏ ਲੋਕ ਸੇਵਾ ਨੂੰ ਪਹਿਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ, ਜਿਸ ਨੇ ਆਪਣੀਆਂ ਕੁਰਬਾਨੀਆਂ ਦੇਕੇ ਦੇਸ਼ ਨੂੰ ਅਜਾਦ ਕਰਵਾਇਆ ਅਤੇ ਸ਼ਹੀਦਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਦੇ ਰੂਪ ਵਿੱਚ ਅੱਜ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ।
ਖਜਾਨਾ ਮੰਤਰੀ ਨੇ ਆਪਣੀ ਭਰਜਾਈ ਬੀਬੀ ਹਰਸਿਮਰਤ ਕੌਰ ਬਾਦਲ *ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕੇਂਦਰੀ ਮੰਤਰੀ ਹੁੰਦਿਆਂ ਉਨ੍ਹਾਂ ਨੇ ਬਠਿੰਡਾ ਲੋਕ ਸਭਾ ਹਲਕੇ ਦਾ ਵਿਕਾਸ ਕਰਨ ਦੀ ਬਜਾਏ, ਸਗੋਂ ਆਪਣੀ ਸਸਤੀ ਸੋਹਰਤ ਲਈ ਨੀਂਹ ਪੱਥਰਾਂ ਦੀ ਝੜੀ ਲਾਕੇ ਬਠਿੰਡਾ ਲੋਕ ਸਭਾ ਹਲਕੇ ਨੂੰ ਨੀਂਹ ਪੱਥਰਾਂ ਦੀ ਮੂਰਤੀ ਬਣਾਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਨਸਾ ਵਿਚ ਗਿਆਨ ਸਾਗਰ ਅਤੇ ਪੀਟੀਯੂ ਦੇ ਸੈਂਟਰ ਨੂੰ ਬਣਾਉਣ ਲਈ ਧਾਰਮਿਕ ਸਥਾਨਾਂ ਦੀ ਮੁਫਤ ਜਮੀਨ ਹਾਸਲ ਤਾਂ ਕਰ ਲਈ, ਪਰ ਅੱਠ—ਅੱਠ ਸਾਲਾਂ ਤੋਂ ਉਥੇ ਸਿਰਫ ਨੀਂਹ ਪੱਥਰ ਹੀ ਲੱਗੇ ਹੋਏ ਰਹਿ ਗਏ ਹਨ ਅਤੇ ਧਾਰਮਿਕ ਸਥਾਨ ਜਮੀਨਾਂ ਤੋਂ ਵਾਂਝੇ ਹੋ ਗਏ ਹਨ।
ਇਸ ਮੌਕੇ ਮੰਗਤ ਰਾਏ ਬਾਂਸਲ, ਡਾ. ਮਨੋਜ ਬਾਲਾ, ਬੱਬਲਜੀਤ ਸਿੰਘ ਖਿਆਲਾ, ਕਰਮ ਸਿੰਘ ਚੌਹਾਨ, ਬਲਵਿੰਦਰ ਨਾਰੰਗ, ਨਰੋਤਮ ਚਹਿਲ, ਰਾਜ ਨੰਬਰਦਾਰ ਨੇ ਵੀ ਸੰਬੋਧਨ ਕੀਤਾ।