ਨਵੀਂ ਦਿੱਲੀ – ਟੀਮ ਇੰਡੀਆ ਦੇ ਭਵਿੱਖ ਦੇ ਤੇਜ਼ ਗੇਂਦਬਾਜ਼ ਮੰਨੇ ਜਾਣ ਵਾਲੇ ਕਮਲੇਸ਼ ਨਾਗਰਕੋਟੀ ਦੀ ਸੱਟ ਨੇ ਬੀ.ਸੀ.ਸੀ.ਆਈ. ਨੂੰ ਪਰੇਸ਼ਾਨ ਕਰ ਦਿੱਤਾ ਹੈ। 19 ਸਾਲਾ ਇਸ ਤੇਜ਼ ਗੇਂਦਬਾਜ਼ ਦੀ ਪਿੱਠ ਦੀ ਸੱਟ ਇੰਨੀ ਗੰਭੀਰ ਹੋ ਗਈ ਹੈ ਕਿ ਉਸ ਨੂੰ ਹੁਣ ਇਲਾਜ ਲਈ ਇੰਗਲੈਂਡ ਭੇਜਿਆ ਜਾ ਰਿਹਾ ਹੈ। ਅਜੇ ਤਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਸ ਦੀ ਸਰਜਰੀ ਹੋਵੇਗੀ ਜਾਂ ਨਹੀਂ, ਪਰ ਇੰਨਾ ਤੈਅ ਹੈ ਕਿ ਉਨ੍ਹਾਂ ਦੀ ਸੱਟ ਇੰਨੀ ਗੰਭੀਰ ਹੈ ਕਿ ਬੀ.ਸੀ.ਸੀ.ਆਈ. ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੀ।
ਖ਼ਬਰਾਂ ਮੁਤਾਬਿਕ, ਕਮਲੇਸ਼ ਨਾਗਰਕੋਟੀ ਨੈਸ਼ਨਲ ਕ੍ਰਿਕਟ ਅਕੈਡਮੀ ‘ਚ ਆਪਣੇ ਖੱਬੇ ਪੈਰ ‘ਚ ਫ਼੍ਰੈਕਚਰ ਦੇ ਬਾਅਦ ਰਿਹੈਬ ਲਈ ਆਇਆ ਸੀ, ਪਰ ਉੱਥੇ ਉਸ ਦੀ ਪਿੱਠ ਦੀ ਪਰੇਸ਼ਾਨੀ ਵੀ ਉਭਰ ਆਈ। ਨਾਗਰਕੋਟੀ ਪਿਛਲੇ 6 ਮਹੀਨਿਆਂ ਤੋਂ ਕ੍ਰਿਕਟ ਤੋਂ ਦੂਰ ਹੈ, ਅਤੇ ਉਸ ਨੇ ਆਪਣਾ ਆਖਰੀ ਮੁਕਾਬਲਾ ਫ਼ਰਵਰੀ ‘ਚ ਵਿਜੇ ਹਜ਼ਾਰੇ ਮੈਚ ਦੌਰਾਨ ਖੇਡਿਆ ਸੀ।
ਕਮਲੇਸ਼ ਨਾਗਰਕੋਟੀ ਹਾਲ ਹੀ ‘ਚ ਜੂਨੀਅਰ ਵਰਲਡ ਕੱਪ ਜਿੱਤਣ ਵਾਲੀ ਟੀਮ ਦਾ ਮੈਂਬਰ ਸੀ। ਜੂਨੀਅਰ ਲੈਵਲ ‘ਤੇ ਲਗਾਤਾਰ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਨ ਕਾਰਨ ਉਸ ਦੀ ਖ਼ਾਸ ਪਛਾਣ ਬਣ ਗਈ। ਨਾਗਰਕੋਟੀ ਨੇ ਨਿਊ ਜ਼ੀਲੈਂਡ ‘ਚ ਖੇਡੇ ਗਏ ਇਸ ਜੂਨੀਅਰ ਵਰਲਡ ਕੱਪ ‘ਚ 16.33 ਦੀ ਔਸਤ ਨਾਲ 9 ਵਿਕਟਾਂ ਝਟਕ ਕੇ ਭਾਰਤ ਨੂੰ ਚੈਂਪੀਅਨ ਬਣਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ।