ਨਵੀਂ ਦਿੱਲੀ – ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਹਾਲ ਹੀ ‘ਚ ਆਪਣੀ ਕਪਤਾਨੀ ਛੱਡਣ ਅਤੇ ਵਿਰਾਟ ਕੋਹਲੀ ਦੇ ਹੱਥ ‘ਚ ਬੱਲਾ ਫ਼ੜਾਉਣ ਦੀ ਵਜ੍ਹਾ ਦਾ ਖ਼ੁਲਾਸਾ ਕੀਤਾ। ਧੋਨੀ ਰਾਂਚੀ ਦੇ ਬਿਰਸਾ ਮੁੰਡਾ ਏਅਰਪੋਰਟ ‘ਤੇ ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ ਵਲੋਂ ਆਯੋਜਿਤ ਇੱਕ ਮੋਟੀਵੇਸ਼ਨਲ ਪ੍ਰੋਗਰਾਮ ‘ਚ ਬੋਲ ਰਿਹਾ ਸੀ। 37 ਸਾਲਾ ਧੋਨੀ ਨੇ ਕਿਹਾ ਕਿ ਮੈਂ ਕਪਤਾਨੀ ਇਸ ਲਈ ਛੱਡੀ ਕਿਉਂਕਿ ਮੈਂ ਨਵੇਂ ਕਪਤਾਨ (ਵਿਰਾਟ ਕੋਹਲੀ) ਨੂੰ 2019 ‘ਚ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ ਲਈ ਟੀਮ ਤੈਅਰ ਕਰਨ ਲਈ ਜ਼ਿਆਦਾ ਸਮਾਂ ਦੇਣਾ ਚਾਹੁੰਦਾ ਸੀ। ਧੋਨੀ ਨੇ ਕਪਤਾਨੀ ਛੱਡਣ ਦੇ ਆਪਣੇ ਫ਼ੈਸਲੇ ਨੂੰ ਠੀਕ ਸਮੇਂ ਦਾ ਫ਼ੈਸਲਾ ਦੱਸਿਆ।
ਭਾਰਤ ਨੂੰ 2011 ਵਿਸ਼ਵ ਕੱਪ ਜਿੱਤਾਉਣ ਵਾਲੇ ਕਪਤਾਨ ਨੇ ਕਿਹਾ ਕਿ ਨਵੇਂ ਕਪਤਾਨ ਨੂੰ ਸਮਾਂ ਦਿੱਤੇ ਬਗੈਰ ਇੱਕ ਮਜ਼ਬੂਤ ਟੀਮ ਨੂੰ ਚੁਣਨਾ ਸੰਭਵ ਨਹੀਂ। ਮੈਨੂੰ ਲੱਗਦਾ ਹੈ ਕਿ ਮੈਂ ਠੀਕ ਸਮੇਂ ‘ਤੇ ਕਪਤਾਨੀ ਛੱਡਣ ਦਾ ਫ਼ੈਸਲਾ ਕੀਤਾ। ਧੋਨੀ ਇਸ ਸਮੇਂ ਸਿਰਫ਼ ਸੀਮਿਤ ਓਵਰਾਂ ਦਾ ਕ੍ਰਿਕਟ ਖੇਡਦਾ ਹੈ। 2014 ‘ਚ ਉਸ ਨੇ ਟੈੱਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉਸ ਨੇ 2017 ‘ਚ ਸੀਮਿਤ ਓਵਰਾਂ ਦੀ ਵੀ ਕਪਤਾਨੀ ਛੱਡਣ ਦਾ ਫ਼ੈਸਲਾ ਕੀਤਾ ਸੀ।