ਸਲਮਾਨ ਖ਼ਾਨ ਫ਼ਿਲਮ ‘ਚ ਹੋਵੇ ਤਾਂ ਬੌਲੀਵੁਡ ਇੰਡਸਟਰੀ ‘ਚ ਇਸ ਦੀ ਚਰਚਾ ਨਾ ਹੋਵੇ ਅਜਿਹਾ ਨਾਮੁਮਕਿਨ ਹੈ। ਸਲਮਾਨ ਫ਼ਿਲਹਾਲ ਕਈ ਪ੍ਰੌਜੈਕਟਾਂ ‘ਚ ਰੁੱਝਾ ਹੈ। ਕਦੇ ਉਹ ਟੀਵੀ ਸ਼ੋਅ ਬਿੱਗ ਬੌਸ ਅਤੇ ਕਦੇ ਆਉਣ ਵਾਲੀਆਂ ਫ਼ਿਲਮਾਂ ਦੀ ਤਿਆਰੀ ‘ਚ ਲੱਗਾ ਹੁੰਦਾ ਹੈ। ਸਲਮਾਨ ਦੀ ਆਖ਼ਰੀ ਰਿਲੀਜ਼ ਹੋਣ ਵਾਲੀ ਫ਼ਿਲਮ ਰੇਸ 3 ਪਰਦੇ ‘ਤੇ ਬਹੁਤ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਇਸ ਵਕਤ ਸਲਮਾਨ ਅਲੀ ਅੱਬਾਸ ਜ਼ਫ਼ਰ ਦੀ ਫ਼ਿਲਮ ਭਾਰਤ ਦੀ ਸ਼ੂਟਿੰਗ ਕਰ ਰਿਹਾ ਹੈ, ਪਰ ਇੰਡਸਟਰੀ ‘ਚ ਉਸ ਦੀ ਜ਼ਿਆਦਾ ਚਰਚਾ ਇਸ ਵਕਤ ਰੇਸ ਫ਼ਿਲਮਾਂ ਦੀ ਸੀਰੀਜ਼ ਨਾਲ ਚੱਲ ਰਹੀ ਹੈ। ਅਸਲ ‘ਚ ਹੁਣ ਇਸ ਸੀਰੀਜ਼ ਦੀ ਚੌਥੀ ਫ਼ਿਲਮ ਬਣਾਉਣ ਦੀ ਯੋਜਨਾ ਬਣਨੀ ਸ਼ੁਰੂ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹੁਣ ਤਕ ਆਏ ਫ਼ਿਲਮ ਦੇ ਤਿੰਨ ਭਾਗਾਂ ਤੋਂ ਜ਼ਿਆਦਾ ਚੰਗੀ ਹੋਵੇਗੀ। ਫ਼ਿਲਮ ਦਾ ਨਿਰਦੇਸ਼ਕ ਵੀ ਤੈਅ ਹੋ ਚੁੱਕਾ ਹੈ। ਇਸ ਸੀਰੀਜ਼ ਦੇ ਪਹਿਲੇ ਦੋ ਭਾਗਾਂ ਨੂੰ ਅੱਬਾਸ ਨੇ ਡਾਇਰੈਕਟ ਕੀਤਾ ਸੀ। ਫ਼ਿਲਮ ਦੇ ਤੀਜੇ ਭਾਗ, ਰੇਸ 3 ਨੂੰ ਡਾਇਰੈਕਟ ਕਰਨ ਦੀ ਜ਼ਿੰਮੇਵਾਰੀ ਸਲਮਾਨ ਨੇ ਰੇਮੋ ਡਿਸੂਜ਼ਾ ਨੂੰ ਦੇ ਦਿੱਤੀ ਸੀ। ਹੁਣ ਇੱਕ ਵਾਰ ਫ਼ਿਰ ਰੇਸ 4 ਨੂੰ ਡਾਇਰੈਕਟ ਕਰਨ ਦੀ ਜ਼ਿੰਮੇਵਾਰੀ ਅੱਬਾਸ ਮਸਤਾਨ ਨਿਭਾਏਗਾ। ਫ਼ਿਲਮ ਰੇਸ 3 ਹਾਲਾਂਕਿ ਬਹੁਤੀ ਜ਼ਿਆਦਾ ਸਫ਼ਲ ਨਹੀਂ ਰਹੀ ਪਰ ਇਸ ਦੇ ਨਿਰਮਾਤਾ ਤੌਰਾਨੀ ਦਾ ਕਹਿਣਾ ਹੈ ਕਿ ਫ਼ਿਲਮ ‘ਤੇ ਜਿੰਨੇ ਪੈਸੇ ਲੱਗੇ ਸਨ, ਉਸ ਤੋਂ ਵੱਧ ਫ਼ਿਲਮ ਨੇ ਕਮਾਏ ਹਨ। ਇਸ ਲਈ ਇਹ ਫ਼ਿਲਮ ਸੁਪਰਹਿੱਟ ਰਹੀ ਹੈ। ਤੌਰਾਨੀ ਦੀ ਪੂਰੀ ਕੋਸ਼ਿਸ਼ ਹੈ ਕਿ ਡਾਇਰੈਕਟਰ ਅੱਬਾਸ ਮਸਤਾਨ ਅਤੇ ਸਲਮਾਨ ਇਕੱਠੇ ਫ਼ਿਲਮ ਰੇਸ 4 ‘ਚ ਕੰਮ ਕਰਨ। ਤੌਰਾਨੀ ਸਲਮਾਨ ਤੋਂ ਬਹੁਤ ਜ਼ਿਆਦਾ ਖ਼ੁਸ਼ ਹੈ, ਸੋ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਰੇਸ 4 ‘ਚ ਵੀ ਸਲਮਾਨ ਹੀ ਮੁੱਖ ਕਿਰਦਾਰ ਨਿਭਾਏਗਾ।