ਨਵੀਂ ਦਿੱਲੀ – ਕ੍ਰਿਕਟਰ ਯੁਵਰਾਜ ਸਿੰਘ ਨੂੰ ਵਿਜੇ ਹਜ਼ਾਰੇ ਟ੍ਰੌਫ਼ੀ ਲਈ ਪੰਜਾਬ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ। ਹਾਲਾਂਕਿ ਉਸ ਨੂੰ ਇਸ ਟੀਮ ‘ਚ ਕਪਤਾਨ ਦੇ ਤੌਰ ‘ਤੇ ਨਹੀਂ ਚੁਣਿਆ ਗਿਆ ਬਲਕਿ ਕਪਤਾਨ ਮਨਦੀਪ ਸਿੰਘ ਨੂੰ ਬਣਾਇਆ ਗਿਆ ਹੈ। ਹਰਭਜਨ ਸਿੰਘ ਨੂੰ ਟੀਮ ‘ਚ ਸ਼ਾਮਿਲ ਨਹੀਂ ਕੀਤਾ ਗਿਆ। 26 ਸਾਲਾਂ ਦਾ ਮਨਦੀਪ ਸਿੰਘ ਭਾਰਤ ਲਈ 3 ਟੀ-20 ਮੈਚ ਖੇਡ ਚੁੱਕੈ ਅਤੇ ਇਸ ਦੌਰਾਨ ਉਸ ਨੇ ਇੱਕ ਅਰਧ ਸੈਂਕੜਾ ਵੀ ਲਗਾਇਆ ਸੀ।
ਪੰਜਾਬ ਟੀਮ ਦਾ ਉੱਪ ਕਪਤਾਨ ਗੁਰਕੀਰਤ ਮਾਨ ਨੂੰ ਬਣਾਇਆ ਗਿਆ ਹੈ। ਪੰਜਾਬ ਦਾ ਪਹਿਲਾ ਮੈਚ ਹਿਮਾਚਲ ਪ੍ਰਦੇਸ਼ ਖ਼ਿਲਾਫ਼ ਹੈ। ਟੀਮ ‘ਚ ਅੰਡਰ 19 ਦੇ ਇਹ ਖਿਡਾਰੀ ਸ਼ੂਬਮਾਨ ਗਿੱਲ, ਅਰਸ਼ਦੀਪ ਸਿੰਘ ਅਤੇ ਅਭਿਸ਼ੇਕ ਵਰਮਾ ਖੇਡਣਗੇ। ਇਹ ਤਿੰਨੋਂ ਹੀ ਇਸ ਸਾਲ ਨਿਊ ਜ਼ੀਲੈਡ ‘ਚ ਖੇਡੇ ਗਏ ਅੰਡਰ 19 ਵਿਸ਼ਵ ਕੱਪ ਦਾ ਹਿੱਸਾ ਸਨ। ਗਿੱਲ ਪਹਿਲਾਂ ਹੀ ਭਾਰਤ ਏ ਅਤੇ ਆਈ.ਪੀ.ਐੱਲ ‘ਚ ਖੇਡ ਚੁੱਕਾ ਹੈ। ਯੁਵਰਾਜ ਸਿੰਘ ਇਸ ਟੂਰਨਾਮੈਂਟ ‘ਚ ਵਧੀਆ ਪ੍ਰਦਰਸ਼ਨ ਕਰਦਾ ਹੋਇਆ ਵਿਸ਼ਵ ਕੱਪ 2019 ‘ਚ ਜਗ੍ਹਾ ਬਣਾਉਣਾ ਚਾਹੇਗਾ। 304 ਵਨ-ਡੇ ਖੇਡ ਚੁੱਕਿਆ ਯੁਵਰਾਜ ਭਾਰਤ ਲਈ ਆਖ਼ਰੀ ਵਾਰ ਸਾਲ 2017 ਜੂਨ ਵਿੱਚ ਵੈੱਸਟ ਇੰਡੀਜ਼ ਖ਼ਿਲਾਫ਼ ਖੇਡਦਾ ਨਜ਼ਰ ਆਇਆ ਸੀ। ਹਿਮਾਚਲ ਖ਼ਿਲਾਫ਼ ਮੈਚ ਤੋਂ ਬਾਅਦ ਪੰਜਾਬ 21 ਸਤੰਬਰ ਨੂੰ ਵਿਦਰਭ, 23 ਸਤੰਬਰ ਨੂੰ ਮਹਾਰਾਸ਼ਟਰ, 24 ਸਤੰਬਰ ਨੂੰ ਬੜੌਦਾ, 28 ਸਤੰਬਰ ਨੂੰ ਮੁੰਬਾਈ, 2 ਅਕਤੂਬਰ ਨੂੰ ਰੇਲਵੇ, 4 ਅਕਤੂਬਰ ਨੂੰ ਗੋਆ ਅਤੇ 8 ਅਕਤੂਬਰ ਨੂੰ ਕਰਨਾਟਕ ਖ਼ਿਲਾਫ਼ ਖੇਡੇਗੀ।