ਦੁਬਈ – ਸ਼੍ਰੀਲੰਕਾ ਟੀਮ ‘ਚ ਇੱਕ ਸਾਲ ਬਾਅਦ ਵਾਪਸੀ ਕਰ ਰਹੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੇ ਲਈ ਏਸ਼ੀਆ ਕੱਪ 2018 ਟੂਰਨਾਮੈਂਟ ਖ਼ੁਦ ਨੂੰ ਸਾਬਿਤ ਕਰਨ ਦਾ ਵਧੀਆ ਮੌਕਾ ਸੀ। ਹਾਲਾਂਕਿ ਉਸ ਨੇ ਪਹਿਲੇ ਮੁਕਾਬਲੇ ‘ਚ ਬੰਗਲਾਦੇਸ਼ ਦੇ ਖ਼ਿਲਾਫ਼ ਜ਼ਰੂਰ 4 ਵਿਕਟਾਂ ਲਈਆਂ, ਪਰ ਸੋਮਵਾਰ ਨੂੰ ਅਬੂ ਧਾਬੀ ਦੇ ਸ਼ੇਖ਼ ਜਾਯਦ ਸਟੇਡੀਅਮ ‘ਚ ਹੋਏ ਟੀਮ ਦੇ ਦੂਜੇ ਮੈਚ ‘ਚ ਅਫ਼ਗ਼ਾਨਿਸਤਾਨ ਸਾਹਮਣੇ ਮਲਿੰਗਾ ਹਥਿਆਰ ਸੁਟਦੇ ਨਜ਼ਰ ਆਏ। ਲਿਹਾਜ਼ਾ ਉਨ੍ਹਾਂ ਦੀ ਟੀਮ ਨੂੰ ਲਗਾਤਾਰ ਦੂਜੀ ਹਾਰ ਮਿਲੀ ਅਤੇ ਟੂਰਨਾਮੈਂਟ ‘ਚ ਬਾਹਰ ਹੋਣਾ ਪਿਆ। ਮਲਿੰਗਾ ਦਾ ਇਸ ਮੈਚ ਦੌਰਾਨ ਅਫ਼ਗਾਨੀ ਬੱਲੇਬਾਜ਼ਾਂ ਹੱਥੋਂ ਕਾਫ਼ੀ ਕੁੱਟਾਪਾ ਚਾੜ੍ਹਿਆ ਗਿਆ ਜਿਸ ਕਾਰਨ ਉਹ ਆਪਣੇ ਨਾਮ ਇੱਕ ਸ਼ਰਮਨਾਕ ਰਿਕਾਰਡ ਦਰਜ ਕਰਾ ਬੈਠਾ।
ਮਲਿੰਗਾ ਨੇ 10 ਓਵਰਾਂ ਦੀ ਗੇਦਬਾਜ਼ੀ ਕਰਦੇ ਹੋਏ ਇੱਕ ਵਿਕਟ ਲਈ, ਪਰ ਨਾਲ ਹੀ 66 ਦੌੜਾਂ ਵੀ ਲੁਟਾ ਦਿੱਤੀਆਂ। ਇਸ ਦੇ ਨਾਲ ਮਲਿੰਗਾ ਵਨ-ਡੇ ਇਤਿਹਾਸ ‘ਚ ਸਭ ਤੋਂ ਜ਼ਿਆਦਾ ਵਾਰ 60 ਤੋਂ ਜ਼ਿਆਦਾ ਦੌੜਾਂ ਲੁਟਾਉਣ ਵਾਲਾ ਪਹਿਲਾ ਗੇਂਦਬਾਜ਼ ਬਣ ਗਿਆ ਹੈ। ਮਲਿੰਗਾ ਹੁਣ ਤਕ ਆਪਣੇ ਵਨ ਡੇ ਕਰੀਅਰ ‘ਚ 29 ਵਾਰ ਇੱਕ ਮੈਚ ‘ਚ 60 ਤੋਂ ਜ਼ਿਆਦਾ ਦੌੜਾਂ ਦੇ ਚੁੱਕੈ। ਇਸ ਦੇ ਨਾਲ ਹੀ ਨਿਊ ਜ਼ੀਲੈਂਡ ਦਾ ਤੇਜ਼ ਗੇਂਦਬਾਜ਼ ਟਿਮ ਸਾਊਦੀ ਵੀ ਇੰਨ੍ਹੀ ਵਾਰ ਹੀ ਦੌੜਾਂ ਲੁਟਾ ਕੇ ਪਹਿਲੇ ਸਥਾਨ ‘ਤੇ ਕਾਬਜ਼ ਹੈ। ਮਲਿੰਗਾ ਹੁਣ ਉਸ ਦੇ ਇਸ ਸ਼ਰਮਨਾਕ ਖ਼ਿਤਾਬ ਨੂੰ ਸ਼ੇਅਰ ਕਰਦਾ ਹੈ।
ਦੋ ਭਾਰਤੀ ਵੀ ਲੁਟਾ ਚੁੱਕੇ ਨੇ ਕਾਫ਼ੀ ਦੌੜਾਂ
ਸਿਰਫ਼ ਮਲਿੰਗਾ ਅਤੇ ਸਾਉਦੀ ਹੀ ਅਜਿਹੇ ਗੇਂਦਬਾਜ਼ ਨਹੀਂ ਹਨ ਜਿਨ੍ਹਾਂ ਨੂੰ ਇੰਨ੍ਹਾ ਜ਼ਿਆਦਾ ਕੁਟਾਪਾ ਚਾੜ੍ਹਿਆ ਗਿਆ ਹੋਵੇ। ਇਸ ਤੋਂ ਬਾਅਦ ਦੋ ਭਾਰਤੀ ਗੇਂਦਬਾਜ਼ ਅਜੀਤ ਅਗਰਕਰ ਅਤੇ ਜ਼ਹੀਰ ਖ਼ਾਨ 25 ਵਾਰ 60 ਤੋਂ ਜ਼ਿਆਦਾ ਦੌੜਾਂ ਲੁਟਾ ਚੁੱਕੇ ਹਨ।