ਨਵੀਂ ਦਿੱਲੀ – ਸਾਬਕਾ ਟੈੱਸਟ ਕ੍ਰਿਕਟਰ ਚੇਤਨ ਚੌਹਾਨ ਨੇ ਇੰਗਲੈਂਡ ‘ਚ ਟੈੱਸਟ ਸੀਰੀਜ਼ ‘ਚ ਭਾਰਤ ਨੂੰ ਮਿਲੀ 1-4 ਦੀ ਹਾਰ ਲਈ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸ਼ਤਰੀ ਨੂੰ ਜ਼ਿੰਮੇਵਾਰ ਦੱਸਦਿਆ ਹੋਇਆਂ ਉਸ ਨੂੰ ਨਵੰਬਰ ‘ਚ ਆਸਟਰੇਲੀਆ ਦੌਰੇ ਤੋਂ ਪਹਿਲਾਂ ਇਸ ਅਹੁਦੇ ਤੋਂ ਹਟਾ ਦੇਣ ਦਾ ਸੁਝਾਅ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਖੇਡ ਮੰਤਰੀ ਸਾਬਕਾ ਕ੍ਰਿਕਟਰਾਂ ਵਲੋਂ ਸ਼ਾਸ਼ਤਰੀ ਨੂੰ ਕੋਚ ਅਹੁਦੇ ਤੋਂ ਹਟਾਉਣ ਦੀ ਮੰਗ ‘ਤੇ ਸਹਿਮਤ ਹਨ। ਉਨ੍ਹਾਂ ਨੇ ਕਿਹਾ ਕਿ ਰਵੀ ਸ਼ਾਸ਼ਤਰੀ ਨੂੰ ਆਸਟਰੇਲੀਆ ਦੌਰੇ ਤੋਂ ਪਹਿਲਾਂ ਹਟਾ ਦੇਣਾ ਚਾਹੀਦਾ ਹੈ। ਸ਼ਾਸ਼ਤਰੀ ਬਹੁਤ ਹੀ ਵਧੀਆ ਕੋਮੈਂਟੇਟਰ ਹਨ।
ਚੌਹਾਨ ਨੇ ਕਿਹਾ ਕਿ ਭਾਰਤੀ ਟੀਮ ਨੂੰ ਵਧੀਆ ਪ੍ਰਦਰਸ਼ਨ ਕਰਨਾ ਚਾਹੀਦਾ ਸੀ। ਸਾਬਕਾ ਟੈੱਸਟ ਸਲਾਮੀ ਬੱਲੇਬਾਜ਼ ਨੇ ਸ਼ਾਸ਼ਤਰੀ ਦੇ ਇਸ ਬਿਆਨ ਦੀ ਆਲੋਚਨਾ ਕੀਤੀ ਜਿਸ ‘ਚ ਉਨ੍ਹਾਂ ਨੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਮੌਜੂਦਾ ਟੀਮ ਨੂੰ ਵਿਦੇਸ਼ ਦਾ ਦੌਰਾ ਕਰਨ ਵਾਲੀ ਸਰਵਸ੍ਰੇਸ਼ਠ ਟੀਮ ਕਰਾਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਗੱਲ ਨਾਲ ਸਹਿਮਤ ਨਹੀਂ। 1980 ‘ਚ ਭਾਰਤੀ ਟੀਮ ਵਿਸ਼ਵ ਦਾ ਦੌਰਾ ਕਰਨ ਵਾਲੀ ਸਰਵਸ੍ਰੇਸ਼ਠ ਟੀਮ ਸੀ।