ਨਵੀਂ ਦਿੱਲੀ— ਰਾਫੇਲ ਸੌਦਾ ਮਾਮਲੇ ‘ਚ ਰਾਬਰਟ ਵਾਡਰਾ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਭਾਜਪਾ ਕਿਸੇ ਮੁੱਦੇ ‘ਤੇ ਘਿਰਦੀ ਹੈ ਤਾਂ ਉਦੋਂ ਮੇਰਾ ਨਾਂ ਲੈਂਦੀ ਹੈ, ਫਿਰ ਚਾਹੇ ਰੁਪਏ ‘ਚ ਆਈ ਗਿਰਾਵਟ ਹੋਵੇ ਜਾਂ ਤੇਲ ਦੇ ਵਧਦੇ ਰੇਟ ਹੋਣ।
ਉਨ੍ਹਾਂ ਨੇ ਕਿਹਾ ਕਿ ਇਹ ਗੱਲ ਭਾਜਪਾ ਅਤੇ ਮੌਜੂਦਾ ਸਰਕਾਰ ਚੰਗੇ ਤਰੀਕੇ ਨਾਲ ਜਾਣਦੀ ਹੈ ਕਿ ਉਹ ਪਿਛਲੇ ਸਾਲ ਤੋਂ ਮੇਰੇ ਖਿਲਾਫ ਬੇਬੁਨਿਆਦ ਰਾਜਨੀਤੀ ਕਰਨ ‘ਚ ਜੁੱਟੇ ਹਨ।
ਰਾਬਰਟ ਵਾਡਰਾ ਦਾ ਇਹ ਬਿਆਨ ਭਾਜਪਾ ਦੇ ਉਸ ਬਿਆਨ ਦੇ ਬਾਅਦ ਆਇਆ ਹੈ, ਜਿਸ ‘ਚ ਉਸ ਨੇ ਕਿਹਾ ਸੀ ਕਿ ਯੂ.ਪੀ.ਏ. ਸਰਕਾਰ ਰਾਬਰਟ ਵਾਡਰਾ ਅਤੇ ਸੰਜੈ ਭੰਡਾਰੀ ਦੀ ਕੰਪਨੀ ਨੂੰ ਵਿਚੌਲੀਏ ਦੇ ਤੌਰ ‘ਤੇ ਵਰਤਨਾ ਚਾਹੁੰਦੀ ਹੈ। ਜਦੋਂ ਇਹ ਨਹੀਂ ਹੋ ਸਕਿਆ ਤਾਂ ਕਾਂਗਰਸ ਇਸ ਡੀਲ ਨੂੰ ਖਤਮ ਕਰਵਾ ਕੇ ਬਦਲਾ ਲੈਣਾ ਚਾਹੁੰਦੀ ਹੈ। ਭਾਜਪਾ ਦੇ ਸੀਨੀਅਰ ਨੇਤਾ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸੋਮਵਾਰ ਨੂੰ ਇਹ ਬਿਆਨ ਦਿੱਤਾ ਸੀ।
ਮੰਗਲਵਾਰ ਨੂੰ ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਸੀ ਕਿ ਰਾਫੇਲ ਡੀਲ ‘ਚ ਰਾਬਰਟ ਵਾਡਰਾ ਨੂੰ ਦਲਾਲੀ ਨਹੀਂ ਮਿਲੀ, ਇਸ ਲਈ ਕਾਂਗਰਸ ਨੇ ਇਸ ਡੀਲ ਨੂੰ ਪੂਰਾ ਨਹੀਂ ਹੋਣ ਦਿੱਤਾ। ਪਾਤਰਾ ਨੇ ਕਿਹਾ ਕਿ ਰਾਫੇਲ ਡੀਲ ‘ਚ ਕਮੀਸ਼ਨ ਖਾਣ ਨੂੰ ਨਹੀਂ ਮਿਲੀ,ਇਸ ਲਈ ਕਾਂਗਰਸ ਗੁੱਸੇ ‘ਚ ਆ ਰਹੀ ਹੈ। ਰਾਬਰਟ ਵਾਡਰਾ ਦੇ ਦੋਸਤ ਸੰਜੈ ਭੰਡਾਰੀ ਦੀ ਕੰਪਨੀ ਆਫਸੇਟ ਇੰਡੀਆ ਸਲਿਊਸ਼ਨ ਨੂੰ 2014 ‘ਚ ਮੋਦੀ ਸਰਕਾਰ ਨੇ ਲਾਲ ਝੰਡਾ ਦਿਖਾ ਦਿੱਤਾ ਜਦਕਿ ਕਾਂਗਰਸ ਦੀ ਸਰਕਾਰ ‘ਚ ਇਸ ਰੱਖਿਆ ਸੌਦਿਆਂ ‘ਚ ਦਲਾਲੀ ਕਰਕੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਦੇ ਸਨ।