ਨਵੀਂ ਦਿੱਲੀ— ਦਿੱਲੀ ਪੁਲਸ ਨੇ ਵੀਰਵਾਰ ਨੂੰ ਇੱਥੇ ਇਕ ਅਦਾਲਤ ਨੂੰ ਦੱਸਿਆ ਕਿ ਉਸ ਨੇ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੂੰ ਸਬੂਤਾਂ ਦੀਆਂ ਕਾਪੀਆਂ ਸੌਂਪ ਦਿੱਤੀਆਂ ਹਨ। ਮੈਟਰੋਪੋਲੀਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਨੂੰ ਦਿੱਲੀ ਪੁਲਸ ਦੇ ਸਰਕਾਰੀ ਵਕੀਲ ਅਤੁਲ ਸ਼੍ਰੀਵਾਸਤਵ ਨੇ ਦੱਸਿਆ ਕਿ ਥਰੂਰ ਨੂੰ ਦਿੱਤੀਆਂ ਗਈਆਂ ਕਾਪੀਆਂ ‘ਚ ਇਲੈਕਟ੍ਰਾਨਿਕ ਅਤੇ ਦਸਤਾਵੇਜ਼ੀ ਸਬੂਤ ਸ਼ਾਮਲ ਹਨ।
ਥਰੂਰ ਵੱਲੋਂ ਪੇਸ਼ ਸੀਨੀਅਰ ਬੁਲਾਰੇ ਵਿਕਾਸ ਪਹਿਵਾ ਨੇ ਦਸਤਾਵੇਜ਼ਾਂ ਦੀ ਤਸਦੀਕ ਲਈ ਅਦਾਲਤ ਤੋਂ ਸਮਾਂ ਮੰਗਿਆ। ਦਸਤਾਵੇਜ਼ਾਂ ‘ਚ ਇਸ ਮਾਮਲੇ ‘ਚ ਦਰਜ ਵੱਖ-ਵੱਖ ਗਵਾਹਾਂ ਦੇ ਬਿਆਨ ਸ਼ਾਮਲ ਹਨ। ਅਦਾਲਤ ਨੇ ਥਰੂਰ ਨੂੰ ਇਕ ਹਫਤੇ ਦਾ ਸਮਾਂ ਦਿੱਤਾ ਅਤੇ ਇਸ ਮਾਮਲੇ ‘ਚ ਅਗਲੀ ਸੁਣਵਾਈ ਲਈ 12 ਅਕਤੂਬਰ ਦੀ ਤਰੀਕ ਤੈਅ ਕੀਤੀ।
ਸੁਨੰਦਾ 17 ਜਨਵਰੀ 2014 ਦੀ ਰਾਤ ਨੂੰ ਸ਼ਹਿਰ ਦੇ ਇਕ ਹੋਟਲ ਦੇ ਕਮਰੇ ‘ਚ ਮ੍ਰਿਤ ਮਿਲੀ ਸੀ। ਥਰੂਰ ਦੇ ਅਧਿਕਾਰਕ ਬੰਗਲੇ ‘ਚ ਮੁਰੰਮਤ ਦਾ ਕੰਮ ਚੱਲਣ ਕਾਰਨ ਪਤੀ-ਪਤਨੀ ਹੋਟਲ ‘ਚ ਰਹਿ ਰਹੇ ਸਨ। ਅਦਾਲਤ ਨੇ ਦਿੱਲੀ ਪੁਲਸ ਨੂੰ ਦੋਸ਼ ਪੱਤਰ ਦੇ ਇਲਾਵਾ ਗਵਾਹਾਂ ਦੇ ਬਿਆਨ ਸਮੇਤ ਵੱਖ-ਵੱਖ ਦਸਤਾਵੇਜ਼ ਥਰੂਰ ਨੂੰ ਸੌਂਪਣ ਦਾ ਨਿਰਦੇਸ਼ ਦਿੱਤਾ ਸੀ।