ਲਾਹੌਰ – ਏਸ਼ੀਆ ਕੱਪ ਵਿੱਚ ਪਾਕਿਸਤਾਨੀ ਟੀਮ ਦੀ ਖ਼ਰਾਬ ਬੱਲੇਬਾਜ਼ੀ ਤੋਂ ਨਿਰਾਸ਼ ਰਾਸ਼ਟਰੀ ਚੋਣਕਰਤਾਵਾਂ ਨੇ ਸਾਬਕਾ ਓਪਨਰ ਮੁਹੰਮਦ ਹਫ਼ੀਜ਼ ਨੂੰ ਆਸਟਰੇਲੀਆ ਖ਼ਿਲਾਫ਼ 2 ਟੈੱਸਟਾਂ ਦੀ ਸੀਰੀਜ਼ ਲਈ ਰਾਸ਼ਟਰੀ ਟੀਮ ਵਿੱਚ ਵਾਪਿਸ ਬੁਲਾਇਆ ਹੈ। ਏਸ਼ੀਆ ਕੱਪ ਵਿੱਚ ਪਾਕਿਸਤਾਨ ਦਾ ਬੱਲੇਬਾਜ਼ ਕ੍ਰਮ ਫ਼ੇਲ੍ਹ ਰਿਹਾ ਅਤੇ ਟੀਮ ਫ਼ਾਈਨਲ ਵਿੱਚ ਤਕ ਨਹੀਂ ਪਹੁੰਚ ਸਕੀ। ਉਸ ਨੂੰ ਟੂਰਨਾਮੈਂਟ ਵਿੱਚ ਪੁਰਾਣੀ ਵਿਰੋਧੀ ਭਾਰਤ ਤੋਂ ਦੋਹੇਂ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦਕਿ ਉਹ ਬੰਗਲਾਦੇਸ਼ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ। ਪਾਕਿਸਤਾਨ ਕ੍ਰਿਕਟ ਬੋਰਡ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਰਾਸ਼ਟਰੀ ਚੋਣ ਕਮੇਟੀ ਅਤੇ ਟੀਮ ਪ੍ਰਬੰਧਕਾਂ ਨੇ ਹਫ਼ੀਜ਼ ਨੂੰ ਆਸਟਰੇਲੀਆ ਖ਼ਿਲਾਫ਼ ਦੋ ਟੈੱਸਟਾਂ ਦੀ ਸੀਰੀਜ਼ ਲਈ ਪਾਕਿਸਤਾਨੀ ਟੀਮ ਵਿੱਚ ਸ਼ਾਮਿਲ ਕੀਤਾ ਹੈ।
ਚੋਣਕਰਤਾਵਾਂ ਨੇ ਏਸ਼ੀਆ ਕੱਪ ਵਿੱਚ ਅਸਫ਼ਲਤਾ ਨੂੰ ਧਿਆਨ ‘ਚ ਰੱਖਦਿਆਂ ਬੱਲੇਬਾਜ਼ੀ ਵਿਭਾਗ ਨੂੰ ਮਜ਼ਬੂਤ ਕਰਨ ਲਈ ਹਫ਼ੀਜ਼ ਨੂੰ ਟੀਮ ‘ਚ ਜਗ੍ਹਾ ਦਿੱਤੀ ਹੈ। ਪਾਕਿਸਤਾਨ ਨੂੰ ਇਸ ਤੋਂ ਪਹਿਲਾਂ ਸ਼ਾਹ ਮਸੂਦ ਤੋਂ ਕਾਫ਼ੀ ਉਮੀਦਾਂ ਸਨ, ਪਰ ਆਸਟਰੇਲੀਆ ਖ਼ਿਲਾਫ਼ ਦੁਬਈ ਵਿੱਚ ਹੋਏ ਪਾਕਿਸਤਾਨ-ਏ ਦੇ ਚਾਰ ਦਿਨਾ ਮੈਚ ਵਿੱਚ ਉਹ 14 ਦੌੜਾਂ ਹੀ ਬਣਾ ਸਕਿਆ ਸੀ ਜਿਸ ਨਾਲ ਹਫ਼ੀਜ਼ ਦੀ ਵਾਪਸੀ ਦਾ ਰਾਹ ਸਾਫ਼ ਹੋ ਗਿਆ। ਹਫ਼ੀਜ਼ ਨੇ ਆਖ਼ਰੀ ਵਾਰ ਅਗਸਤ 2016 ਵਿੱਚ ਇੰਗਲੈਂਡ ਖ਼ਿਲਾਫ਼ ਮੈਚ ਖੇਡਿਆ ਸੀ। ਉਸ ਦੇ ਨਾਂ 50 ਟੈੱਸਟਾਂ ਵਿੱਚ 39.22 ਦੀ ਔਸਤ ਨਾਲ 3,452 ਦੌੜਾਂ ਹਨ ਜਿਨ੍ਹਾਂ ਵਿੱਚ ਨੌਂ ਸੈਂਕੜੇ ਸ਼ਾਮਿਲ ਹਨ। ਪਿਛਲੇ ਹਫ਼ਤੇ ਹਫ਼ੀਜ਼ ਨੇ ਘਰੇਲੂ ਫ਼ਰਸਟ ਕਲਾਸ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਲਗਾਇਆ ਸੀ।