ਮੁਜਫੱਰਪੁਰ— ਬਿਹਾਰ ਦੇ ਮੁਜਫੱਰਪੁਰ ਸ਼ੈਲਟਰ ਹੋਮ ਕੇਸ ‘ਚ ਸੀ.ਬੀ.ਆਈ. ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ। ਬੁੱਧਵਾਰ ਨੂੰ ਸੀ.ਬੀ.ਆਈ. ਨੇ ਮੁਜਫੱਰਪੁਰ ਸਥਿਤ ਸਿਕੰਦਰਪੁਰ ਮੁਕਤੀਧਾਮ ਦੇ ਸ਼ਮਸ਼ਾਨ ਖੇਤਰ ‘ਚ ਖੁਦਾਈ ਕਰਵਾਈ ਸੀ। ਖੁਦਾਈ ਦੌਰਾਨ ਉਥੋਂ ਕੰਕਾਲ ਬਰਾਮਦ ਹੋਏ ਸਨ। ਸੀ.ਬੀ.ਆਈ.ਨੇ ਇਸ ਦੀ ਜਾਣਕਾਰੀ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਦਿੱਤੀ।
ਸੀ.ਬੀ.ਆਈ. ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਉਨ੍ਹਾਂ ਨੂੰ ਮੁਜਫੱਰਪੁਰ ‘ਚ ਸਿਕੰਦਰਪੁਰ ਸ਼ਮਸ਼ਾਨ ‘ਚ ਖੁਦਾਈ ਦੌਰਾਨ 15 ਸਾਲ ਦੀ ਬੱਚੀ ਦੇ ਕੰਕਾਲ ਪ੍ਰਾਪਤ ਹੋਏ ਹਨ। ਸੀ.ਬੀ.ਆਈ. ਨੇ ਕੰਕਾਲ ਨੂੰ ਐਫ.ਐਸ.ਐਲ. ਕੋਲ ਭੇਜਿਆ ਹੈ। ਹੁਣ ਸੁਪਰੀਮ ਕੋਰਟ ਨੇ ਇਸ ਗੱਲ ‘ਤੇ ਮਹਿਲਾ ਅਤੇ ਬਾਲ ਕਲਿਆਣ ਮੰਤਰਾਲੇ ਦੇ ਜੁਆਇੰਟ ਸੈਕ੍ਰੇਟਰੀ ਨੂੰ ਤਲਬ ਕੀਤਾ ਹੈ।
ਸੁਪਰੀਮ ਕੋਰਟ ਨੇ ਮਹਿਲਾ ਅਤੇ ਬਾਲ ਕਲਿਆਣ ਮੰਤਰਾਲੇ ਦੇ ਜੁਆਇੰਟ ਸੈਕ੍ਰੇਟਰੀ ਨੂੰ ਸੰਮੰਨ ਜਾਰੀ ਕੀਤਾ ਹੈ। ਜਿਸ ‘ਚ ਕੋਰਟ ਨੇ 8 ਅਕਤੂਬਰ ਨੂੰ ਉਨ੍ਹਾਂ ਨੂੰ ਕੋਰਟ ‘ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਦੇ ਜਸਟਿਸ ਲੋਕੁਰ ਦੀ ਬੈਂਚ ਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਬਿਹਾਰ ਦੇ ਸ਼ੈਲਟਰ ਹੋਮ ਲੜਕੀਆਂ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਜੁਆਇੰਟ ਸੈਕ੍ਰੇਟਰੀ ਸੋਮਵਾਰ ਨੂੰ ਪੇਸ਼ ਹੋ ਕੇ ਦੱਸਣ ਕਿ ਦੇਸ਼ ਭਰ ਦੇ ਵੱਖ-ਵੱਖ ਸ਼ੈਲਟਰ ਹੋਮ ‘ਚ ਇਸ ਤਰ੍ਹਾਂ ਦੇ ਮਾਮਲਿਆਂ ‘ਚ ਲੜਕੀਆਂ ਨੂੰ ਬਚਾਉਣ ਲਈ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾ ਸਕਦੇ ਹਨ।
ਸੁਪਰੀਮ ਕੋਰਟ ਨੇ ਇਹ ਵੀ ਜਾਣਕਾਰੀ ਮੰਗੀ ਹੈ ਕਿ ਬੱਚਿਆਂ ਦੀਆਂ ਸੁਰੱਖਿਆ ਲਈ ਪੁਨਰਵਾਸ ਲਈ ਕੇਂਦਰ ਸਰਕਾਰ ਨੇ ਕੀ ਕਦਮ ਚੁੱਕੇ ਹਨ ਅਤੇ ਨਾਲ ਹੀ ਇਸ ਲਈ ਕੀ ਗਾਈਡ ਲਾਈਨ ਤਿਆਰ ਕੀਤੀ ਗਈ ਹੈ।