ਚੰਡੀਗੜ – ਕੈਪਟਨ ਸਰਕਾਰ ਨੇ ਪਰਾਲੀ ਨੂੰ ਸਾੜਣ ਉੱਤੇ ਆਪਣੀ ਨਾਕਾਮੀ ਨੂੰ ਲੁੱਕੋ ਕੇ ਉਲਟਾ ਪਹਿਲਾਂ ਹੀ ਮਰ ਰਹੇ ਕਿਸਾਨਾਂ ਦਾ ਚਲਾਨ ਕਰਕੇ ਉਹਨਾਂ ਦੇ ਜਖਮਾਂ ਉੱਪਰ ਲੂਣ ਛਿੜਕਿਆ ਹੈ – ਖਹਿਰਾ
ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਪਰਾਲੀ ਨੂੰ ਅੱਗ ਲਗਾਏ ਜਾਣ ਦੇ ਮੁੱਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਕਿਉਂਕਿ ਸਰਕਾਰ ਪਰਾਲੀ ਨੂੰ ਜਮੀਨ ਵਿੱਚ ਦਬਾਏ ਜਾਣ ਲਈ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਉਣ ਵਿੱਚ ਪੂਰੀ ਤਰਾਂ ਨਾਲ ਫੇਲ ਹੋਈ ਹੈ ਅਤੇ ਉਲਟਾ ਗੁੱਸਾ ਕਿਸਾਨਾਂ ਉੱਪਰ ਕੱਢਿਆ ਜਾ ਰਿਹਾ ਹੈ। ਆਪਣੇ ਖੇਤਾਂ ਵਿਚਲੇ ਫਸਲੀ ਰਹਿੰਦ ਖੂੰਹਦ ਨੂੰ ਜਲਾਏ ਜਾਣ ਉੱਪਰ ਲਗੀ ਰੋਕ ਦੀ ਉਲੰਘਣਾ ਕਰਨ ਵਾਲੇ ੧੦੧ ਕਿਸਾਨਾਂ ਦੇ ਪਿਛਲੇ ਤਿੰਨ ਦਿਨਾਂ ਵਿੱਚ ਚਲਾਨ ਕੱਟਣ ਵਾਲੇ ਅੰਮ੍ਰਿਤਸਰ ਦੇ ਜਿਲਾ ਪ੍ਰਸ਼ਾਸਨ ਉੱਪਰ ਖਹਿਰਾ ਖੂਬ ਵਰੇ। ਖਹਿਰਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਕਿਸਾਨਾਂ ਉੱਪਰ ੨.੫੬ ਲੱਖ ਰੁਪਏ ਦਾ ਜੁਰਮਾਨਾ ਥੋਪਿਆ ਹੈ ਜਦਕਿ ਉਹਨਾਂ ਦੀ ਕੋਈ ਗਲਤੀ ਵੀ ਨਹੀਂ ਹੈ।
ਖਹਿਰਾ ਨੇ ਕਿਹਾ ਕਿ ਭਾਂਵੇ ਉਹ ਸਾਫ ਵਾਤਾਵਰਣ ਦੇ ਪੱਖ ਵਿੱਚ ਹਨ ਅਤੇ ਪਰਾਲੀ ਨੂੰ ਸਾੜਣ ਦੀ ਹਮਾਇਤ ਨਹੀਂ ਕਰਦੇ ਪਰੰਤੂ ਕਿਸਾਨਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੈ ਕਿਉਂਕਿ ਸਰਕਾਰ ਉਹਨਾਂ ਨੂੰ ਮਸ਼ੀਨਰੀ, ਸਬਸਿਡੀ ਜਾਂ ਵਿੱਤੀ ਸਹਾਇਤਾ ਦੇਣ ਵਿੱਚ ਪੂਰੀ ਤਰਾਂ ਨਾਲ ਅਸਫਲ ਰਹੀ ਹੈ ਜਿਸ ਨਾਲ ਕਿ ਉਹ ਪਰਾਲੀ ਨੂੰ ਜਲਾਉਣ ਦੀ ਬਜਾਏ ਖੇਤਾਂ ਵਿੱਚ ਦਬਾ ਸਕਣ। ਖਹਿਰਾ ਨੇ ਕਿਹਾ ਕਿ ਪਰਾਲੀ ਨੂੰ ਜਮੀਨ ਵਿੱਚ ਦਬਾਏ ਜਾਣ ਦੇ ਢੁੱਕਵੇ ਇੰਤਜਾਮ ਕਰਨ ਲਈ ਪੂਰਾ ਇੱਕ ਸਾਲ ਦਾ ਸਮਾਂ ਸੀ ਪਰੰਤੂ ਸਰਕਾਰ ਸੁੱਤੀ ਰਹੀ ਅਤੇ ਝੋਨੇ ਦੀ ਫਸਲ ਦੇ ਉਤਪਾਦਨ ਦੇ ਮੁਕਾਬਲੇ ਨਾਂਮਾਤਰ ਸੰਦਾਂ ਦਾ ਇੰਤਜਾਮ ਕੀਤਾ।
ਖਹਿਰਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਪਹਿਲਾਂ ਹੀ ਇਕ ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਹੇਠ ਹਨ ਅਤੇ ਰੋਜਾਨਾ ਵੱਡੀ ਗਿਣਤੀ ਵਿੱਚ ਖੁਦਕੁਸ਼ੀਆਂ ਕਰ ਰਹੇ ਹਨ ਤਾਂ ਸਰਕਾਰ ਉਹਨਾਂ ਕੋਲੋਂ ਕਿਵੇਂ ਉਮੀਦ ਕਰ ਸਕਦੀ ਹੈ ਕਿ ਉਹ ਪਰਾਲੀ ਨੂੰ ਧਰਤੀ ਵਿੱਚ ਵਾਹੁਣ ਲਈ ਹੋਰ ੫,੦੦੦-੬,੦੦੦ ਰੁਪਏ ਫੀ ਏਕੜ ਖਰਚ ਸਕਦੇ ਹਨ? ਖਹਿਰਾ ਨੇ ਕਿਹਾ ਕਿ ਇਹ ਪਰਾਲੀ ਨੂੰ ਜਮੀਨ ਵਿੱਚ ਵਾਹੁਣ ਲਈ ਸਸਤੀ ਸਬਸਿਡੀ ਵਾਲੀ ਮਸ਼ੀਨਰੀ ਮੁਹੱਈਆ ਕਰਵਾਇਆ ਜਾਣਾ ਪੰਜਾਬ ਸਰਕਾਰ ਦੀ ਜਿੰਮੇਵਾਰੀ ਹੈ ਪਰੰਤੂ ਸਰਕਾਰ ਆਪਣੀ ਨਾਕਾਮੀ ਦਾ ਬੋਝ ਪਹਿਲਾਂ ਤੋਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਉੱਪਰ ਪਾਉਣਾ ਚਾਹੁੰਦੀ ਹੈ। ਖਹਿਰਾ ਨੇ ਕਿਹਾ ਕਿ ਹਾਲ ਹੀ ਵਿੱਚ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਜਦ ਉਹਨਾਂ ਦੀ ਲੱਖਾਂ ਏਕੜ ਝੋਨੇ ਦੀ ਫਸਲ ਹੜਾਂ ਕਾਰਨ ਬਰਬਾਦ ਹੋ ਗਈ ਜਿਸ ਦਾ ਕਿ ਸਰਕਾਰ ਨੇ ਅਜੇ ਤੱਕ ਕੋਈ ਮੁਆਵਜਾ ਨਹੀਂ ਦਿੱਤਾ ਹੈ।
ਖਹਿਰਾ ਨੇ ਕਿਹਾ ਕਿ ਝੋਨੇ ਦੀ ਪਰਾਲੀ ਜਲਾਏ ਜਾਣ ਨਾਲ ਸਿਰਫ ੮ ਫੀਸਦੀ ਪ੍ਰਦੂਸ਼ਣ ਹੁੰਦਾ ਹੈ ਜਦਕਿ ੯੨ ਫੀਸਦੀ ਪ੍ਰਦੂਸ਼ਣ ਇੰਡਸਟਰੀ, ਭਾਰੀ ਵਹੀਕਲ ਟ੍ਰੈਫਿਕ ਆਦਿ ਨਾਲ ਹੁੰਦਾ ਹੈ। ਮੋਦੀ ਸਰਕਾਰ ਉੱਪਰ ਵੀ ਖਹਿਰਾ ਖੂਬ ਵਰੇ ਜੋ ਕਿ ਫਸਲਾਂ ਦੇ ਐਮ.ਐਸ.ਪੀ ਐਲਾਨੇ ਜਾਣ ਸਮੇਂ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਨਹੀਂ ਕਰਦੀ ਅਤੇ ਜੇਕਰ ਕਿਸਾਨ ਅਵਾਜ਼ ਉਠਾਉਂਦੇ ਹਨ ਤਾਂ ਉਹਨਾਂ ਨੂੰ ਬੇਰਹਿਮੀ ਨਾਲ ਮਾਰਿਆ ਜਾਂਦਾ ਹੈ ਅਤੇ ਲਾਠੀਚਾਰਜ਼ ਕੀਤਾ ਜਾਂਦਾ ਹੈ। ਖਹਿਰਾ ਨੇ ਕਿਹਾ ਕਿ ਕੇਂਦਰ ਦੀਆਂ ਸਰਕਾਰਾਂ ਕਿਸਾਨ ਵਿਰੋਧੀ ਰਹੀਆਂ ਹਨ ਅਤੇ ਇਹਨਾਂ ਨੇ ਸਿਰਫ ਕਿਰਸਾਨੀ ਦੇ ਜਖਮਾਂ ਵਿੱਚ ਵਾਧਾ ਹੀ ਕੀਤਾ ਹੈ।
ਖਹਿਰਾ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪਰਾਲੀ ਜਲਾਉਣ ਵਾਲੇ ਕਿਸਾਨਾਂ ਦੇ ਚਲਾਨ ਕੱਟ ਕੇ ਉਹਨਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਤਾਂ ਉਹਨਾਂ ਦੀ ਪਾਰਟੀ ਕੋਲ ਪੀੜਤ ਕਿਸਾਨਾਂ ਦੇ ਚੱਲ ਰਹੇ ਪ੍ਰਦਰਸ਼ਨਾਂ ਦੀ ਹਮਾਇਤ ਕਰਨ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਬਚੇਗਾ।