ਠੱਗਜ਼ ਔਫ਼ ਹਿੰਦੁਸਤਾਨ ਤੋਂ ਬਾਅਦ ਅਮਿਤਾਭ ਨੇ ਅਗਲੀ ਫ਼ਿਲਮ ਝੁੰਡ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ‘ਚ ਉਹ ਇੱਕ ਸਪੋਰਟਸ ਟੀਚਰ ਦੇ ਕਿਰਦਾਰ ‘ਚ ਨਜ਼ਰ ਆਵੇਗਾ ਅਤੇ ਫ਼ਿਲਮ ਦੀ ਸ਼ੂਟਿੰਗ ਨਾਗਪੁਰ ਵਿਖੇ ਹੋਵੇਗੀ …
ਮਹਾਨਾਇਕ ਅਮਿਤਾਭ ਬੱਚਨ ਨਾਗਪੁਰ ਵਿਖੇ ਨਵੰਬਰ ਤੋਂ ਆਪਣੀ ਅਗਲੀ ਫ਼ਿਲਮ ਝੁੰਡ ਦੀ ਸ਼ੂਟਿੰਗ ਸ਼ੁਰੂ ਕਰ ਰਹੇ ਹਨ। ਇਸ ਤੋਂ ਪਹਿਲਾਂ ਅਮਿਤਾਭ ਦੇ ਟੀਵੀ ਸ਼ੋਅ ਕੌਣ ਬਣੇਗਾ ਕਰੋੜਪਤੀ ਦਾ ਵੀ ਫ਼ਾਈਨਲ ਸ਼ੁਰੂ ਹੋ ਜਾਵੇਗਾ ਅਤੇ ਫ਼ਿਲਮ ਠੱਗਜ਼ ਔਫ਼ ਹਿੰਦੁਸਤਾਨ ਵੀ ਰਿਲੀਜ਼ ਹੋ ਜਾਵੇਗੀ। ਫ਼ਿਲਮ ਝੁੰਡ ‘ਚ ਅਮਿਤਾਭ ਇੱਕ ਸਪੋਰਟਸ ਟੀਚਰ ਦੇ ਕਿਰਦਾਰ ‘ਚ ਨਜ਼ਰ ਆਵੇਗਾ ਜੋ ਗਲੀ ਦੇ ਮੁੰਡਿਆਂ ਨੂੰ ਫ਼ੁੱਟਬਾਲ ਟੀਮ ਬਣਾਉਣ ਲਈ ਉਤਸ਼ਾਹਿਤ ਕਰਦਾ ਹੈ। ਇਹ ਫ਼ਿਲਮ ਵਿਜੈ ਬਾਸਰੇ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਇਸ ਫ਼ਿਲਮ ਦਾ ਸ਼ੂਟਿੰਗ ਸਕੈਜੁਅਲ 70 ਤੋਂ 80 ਦਿਨ ਦੇ ਕਰੀਬ ਦਾ ਹੈ ਜਿਸ ‘ਚੋਂ 45 ਦਿਨ ਦੀ ਸ਼ੂਟਿੰਗ ਨਾਗਪੁਰ ਵਿਖੇ ਹੀ ਕੀਤੀ ਜਾਵੇਗੀ। ਫ਼ਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਨਾਗਰਾਜ ਮੰਜੁਲੇ ਨੇ ਕਿਹਾ ਕਿ ਮੈਂ ਨਾਗਪੁਰ ਸ਼ਹਿਰ ਫ਼ਿਲਮ ਦੀ ਸ਼ੂਟਿੰਗ ਲਈ ਇਸ ਲਈ ਚੁਣਿਆ ਹੈ ਕਿਉਂਕਿ ਫ਼ਿਲਮ ਦੀ ਕਹਾਣੀ ਨਾਗਪੁਰ ਦੇ ਆਲੇ-ਦੁਆਲੇ ਘੁੰਮਦੀ ਹੈ। ਇੱਥੇ ਸ਼ੂਟਿੰਗ ਕਰਨ ਨਾਲ ਫ਼ਿਲਮ ਕਾਫ਼ੀ ਹੱਦ ਤਕ ਅਸਲੀਅਤ ਦੇ ਨਜ਼ਦੀਕ ਹੋ ਜਾਵੇਗੀ। ਅਮਿਤਾਭ ਨਾਲ ਕੰਮ ਕਰਨ ਬਾਰੇ ਨਾਗਰਾਜ ਨੇ ਕਿਹਾ ਕਿ ਮਿਸਟਰ ਬੱਚਨ ਨਾਲ ਕੰਮ ਕਰਨਾ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਹੈ। ਉਹ ਹਮੇਸ਼ਾ ਤੋਂ ਮੇਰੇ ਪਸੰਦੀਦਾ ਅਦਾਕਾਰ ਹਨ ਅਤੇ ਉਨ੍ਹਾਂ ਤੋਂ ਇਲਾਵਾ ਇਸ ਕਿਰਦਾਰ ਨਾਲ ਚੰਗਾ ਇਨਸਾਫ਼ ਹੋਰ ਕੋਈ ਨਹੀਂ ਕਰ ਸਕਦਾ ਸੀ। ਇਸ ਫ਼ਿਲਮ ਦੀ ਕਹਾਣੀ ਅਨੁਸਾਰ ਉਹ ਪੂਰੀ ਤਰ੍ਹਾਂ ਫ਼ਿੱਟ ਬੈਠਦੇ ਹਨ। ਜ਼ਿਕਰਯੋਗ ਹੈ ਕਿ ਅਮਿਤਾਭ ਇਸ ਫ਼ਿਲਮ ਤੋਂ ਪਹਿਲਾਂ ਵੀ ਕਈ ਫ਼ਿਲਮਾਂ ‘ਚ ਪ੍ਰੋਫ਼ੈਸਰ ਦਾ ਕਿਰਦਾਰ ਨਿਭਾ ਚੁੱਕੇ ਹਨ। ਅਮਿਤਾਭ ਦੀਆਂ ਅਗਲੀਆਂ ਫ਼ਿਲਮਾਂ ‘ਚ ਬ੍ਰਾਹਮਸਤਰ ਅਤੇ ਬਦਲਾ ਵੀ ਸ਼ਾਮਿਲ ਹਨ। ਅਮਿਤਾਭ ਨੇ ਇਨ੍ਹਾਂ ਫ਼ਿਲਮਾਂ ਦੀ ਸ਼ੂਟਿੰਗ ਤਕਰੀਬਨ ਪੂਰੀ ਕਰ ਲਈ ਹੈ ਅਤੇ ਜਲਦੀ ਹੀ ਇਹ ਫ਼ਿਲਮਾਂ ਸਿਨੇਮਾ ਘਰਾਂ ‘ਚ ਦਸਤਕ ਦੇਣ ਜਾ ਰਹੀਆਂ ਹਨ।