ਸ਼ਰਦੁਲ ਦੀ ਥਾਂ ਉਮੇਸ਼ ਯਾਦਵ ਇੱਕ ਰੋਜ਼ਾ ਟੀਮ ‘ਚ ਸ਼ਾਮਿਲ
ਨਵੀਂ ਦਿੱਲੀ – ਵੈੱਸਟ ਇੰਡੀਜ਼ ਖ਼ਿਲਾਫ਼ ਦੂਜੇ ਟੈੱਸਟ ਕ੍ਰਿਕਟ ਵਿੱਚ ਦਸ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਸ਼ਰਦੁਲ ਠਾਕੁਰ ਦੀ ਥਾਂ ਪਹਿਲੇ ਦੋ ਇੱਕ ਰੋਜ਼ਾ ਕੌਮਾਂਤਰੀ ਮੈਚ ਲਈ ਭਾਰਤੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਸ਼ਰਦੁਲ ਨੂੰ ਹੈਦਰਾਬਾਦ ਵਿੱਚ ਵੈੱਸਟ ਇੰਡੀਜ਼ ਖ਼ਿਲਾਫ਼ ਦੂਜੇ ਟੈੱਸਟ ਵਿੱਚ ਪਹਿਲੀ ਵਾਰ ਕੌਮਾਂਤਰੀ ਮੈਚ ਖੇਡਣ ਦਾ ਮੌਕਾ ਮਿਲਿਆ ਸੀ, ਪਰ ਉਹ ਆਪਣੇ ਦੂਜੇ ਓਵਰ ਵਿੱਚ ਹੀ ਜ਼ਖ਼ਮੀ ਹੋ ਕੇ ਮੈਦਾਨ ਤੋਂ ਬਾਹਰ ਚਲਾ ਗਿਆ। ਸੱਟ ਲੱਗਣ ਕਾਰਨ ਉਹ ਪੰਜ ਮੈਚਾਂ ਦੀ ਲੜੀ ਤੋਂ ਬਾਹਰ ਹੋ ਗਿਆ ਹੈ। ਭਾਰਤੀ ਚੋਣ ਕਮੇਟੀ ਨੇ ਠਾਕੁਰ ਦੀ ਥਾਂ ਉਮੇਸ਼ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਹੈ। ਉਮੇਸ਼ ਨੇ ਹੈਦਰਾਬਾਦ ਦੇ ਦੂਜੇ ਟੈੱਸਟ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਪਹਿਲੀ ਪਾਰੀ ਦੀਆਂ ਛੇ ਵਿਕਟਾਂ ਸਣੇ ਮੈਚ ਵਿੱਚ ਕੁੱਲ ਦਸ ਵਿਕਟਾਂ ਲਈਆਂ ਸਨ। ਉਸ ਦੇ ਕਰੀਅਰ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਉਸ ਨੇ ਟੈਸਟ ਮੈੱਚ ਵਿੱਚ ਦਸ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਉਹ ਭਾਰਤ ਦਾ ਪਹਿਲਾ ਅਜਿਹਾ ਤੇਜ਼ ਗੇਂਦਬਾਜ਼ ਵੀ ਬਣ ਗਿਆ ਜਿਸ ਨੇ ਭਾਰਤ ਵਿੱਚ ਹੋਏ ਕਿਸੇ ਟੈੱਸਟ ਮੈਚ ਵਿੱਚ 10 ਵਿਕਟਾਂ ਲਈਆਂ ਹੋਣ।