ਨਵੀਂ ਦਿੱਲੀ:  ਕੋਲਕਾਤਾ ਅਤੇ ਦਿੱਲੀ ਵਿਚ ਕਈ ਅਜਿਹੇ ਮੈਟਰੋ ਸਟੇਸ਼ਨ ਹਨ, ਜੋ ਜ਼ਮੀਨ ਦੇ ਹੇਠਾਂ ਬਣੇ ਹਨ ਪਰ ਦੇਸ਼ ਵਿਚ ਛੇਤੀ ਹੀ ਹੁਣ ਇਕ ਰੇਲਵੇ ਸਟੇਸ਼ਨ ਅਜਿਹਾ ਹੋਵੇਗਾ, ਜੋ ਸੁਰੰਗ ਦੇ ਅੰਦਰ ਬਣਾਇਆ ਜਾਵੇਗਾ। ਹਿਮਾਚਲ ਪ੍ਰਦੇਸ਼ ਦੇ ਕੇਲਾਂਗ ਵਿਚ ਬਣਨ ਵਾਲਾ ਇਹ ਸਟੇਸ਼ਨ ਸਮੁੰਦਰ ਤਲ ਤੋਂ 3,000 ਮੀਟਰ ਦੀ ਉੱਚਾਈ ‘ਤੇ ਹੋਵੇਗਾ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਚੀਨ-ਭਾਰਤ ਸਰਹੱਦ ਦੇ ਰਣਨੀਤਕ ਮਹੱਤਵ ਦੇ ਲਿਹਾਜ ਨਾਲ ਬਿਲਾਸਪੁਰ-ਮਨਾਲੀ-ਲੇਹ ਰੇਲ ਲਾਈਨ ਦਾ ਹਿੱਸਾ ਹੈ।

ਉੱਤਰ ਰੇਲਵੇ ਦੇ ਮੁੱਖ ਨਿਰਮਾਣ ਇੰਜੀਨੀਅਰ ਡੀ. ਆਰ. ਗੁਪਤਾ ਨੇ ਇਸ ਸਬੰਧ ਵਿਚ ਦੱਸਿਆ ਕਿ ਕੇਲਾਂਗ, ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲੇ ਦਾ ਪ੍ਰਸ਼ਾਸਨਕ ਕੇਂਦਰ ਹੈ। ਇਹ ਮਨਾਲੀ ਤੋਂ 26 ਕਿਲੋਮੀਟਰ ਅਤੇ ਭਾਰਤ-ਤਿੱਬਤ ਸਰਹੱਦ ਤੋਂ 120 ਕਿਲੋਮੀਟਰ ਦੂਰ ਹੈ। ਅਜੇ ਇਸ ਰੇਲ ਲਾਈਨ ‘ਤੇ ਸਰਵੇ ਚਲ ਰਿਹਾ ਹੈ, ਇਕ ਵਾਰ ਇਸ ਦੇ ਪੂਰਾ ਹੋਣ ‘ਤੇ ਇਹ ਦੇਸ਼ ਦਾ ਪਹਿਲਾ ਅਜਿਹਾ ਰੇਲਵੇ ਸਟੇਸ਼ਨ ਹੋਵੇਗਾ। ਆਖਰੀ ਸਰਵੇ ਪੂਰਾ ਹੋਣ ‘ਤੇ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੇ ਹੋਰ ਵੀ ਸਟੇਸ਼ਨ ਇਸ ਲਾਈਨ ‘ਤੇ ਬਣਨਗੇ। ਇਸ ਲਾਈਨ ਦੇ ਪੂਰਾ ਹੋਣ ‘ਤੇ ਬਿਲਾਸਪੁਰ ਅਤੇ ਲੇਹ ਵਿਚਾਲੇ ਸੁੰਦਰਨਗਰ, ਮੰਡੀ, ਮਨਾਲੀ, ਕੇਲਾਂਗ, ਕੋਕਸਰ, ਦਾਰਚਾ, ਉਪਸ਼ੀ ਅਤੇ ਕਾਰੂ ਰੇਲਵੇ ਸਟੇਸ਼ਨ ਹੋਣਗੇ।

ਇਹ ਰੇਲ ਮਾਰਗ ਭਾਰਤ-ਚੀਨ ਸਰਹੱਦ ‘ਤੇ ਸਾਮਾਨ ਅਤੇ ਕਰਮਚਾਰੀਆਂ ਦੀ ਆਵਾਜਾਈ ਦੇ ਲਿਹਾਜ ਨਾਲ ਰਣਨੀਤਕ ਤੌਰ ‘ਤੇ ਅਹਿਮ ਹੈ। ਮੁੱਢਲੇ ਸਰਵੇ ਮੁਤਾਬਕ ਇਸ ਮਾਰਗ ‘ਤੇ 74 ਸੁਰੰਗਾਂ ਬਣਨਗੀਆਂ, ਇਸ ਦੇ ਨਾਲ ਹੀ 124 ਵੱਡੇ ਪੁਲ ਅਤੇ 396 ਛੋਟੇ ਪੁਲਾਂ ਦਾ ਵੀ ਨਿਰਮਾਣ ਕੀਤਾ ਜਾਵੇਗਾ। ਇਸ ਰੇਲ ਮਾਰਗ ਦੇ ਪੂਰਾ ਹੋਣ ‘ਤੇ ਦਿੱਲੀ ਅਤੇ ਲੇਹ ਵਿਚਾਲੇ ਦੂਰੀ ਪੂਰੀ ਕਰਨ ਵਿਚ ਲੱਗਣ ਵਾਲਾ ਸਮਾਂ ਕਰੀਬ ਅੱਧਾ ਹੋ ਜਾਵੇਗਾ। ਅਜੇ ਇਸ ਦੂਰੀ ਨੂੰ ਪੂਰਾ ਕਰਨ ‘ਚ ਕਰੀਬ 40 ਘੰਟੇ ਲੱਗਦੇ ਹਨ, ਰੇਲ ਲਾਈਨ ਬਣਨ ਤੋਂ ਬਾਅਦ ਇਹ ਸਮਾਂ 20 ਘੰਟੇ ਹੋ ਜਾਵੇਗਾ। ਇਸ ਰੇਲ ਲਾਈਨ ਲਈ ਆਖਰੀ ਸਰਵੇ 30 ਮਹੀਨਿਆਂ ਵਿਚ ਪੂਰਾ ਹੋਣ ਦੀ ਉਮੀਦ ਹੈ।