ਸ਼੍ਰੀਨਗਰ-ਸ਼੍ਰੀਨਗਰ ਦੇ ਫਤਿਹ ਕਦਲ ਖੇਤਰ ‘ਚ ਬੁੱਧਵਾਰ ਨੂੰ ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਕਾਂਸਟੇਬਲ ਕਮਲ ਕੁਮਾਰ ਨੂੰ ਅੰਤਿਮ ਵਿਦਾਈ ਦੇਣ ਲਈ ਉਨ੍ਹਾਂ ਦੇ ਪਿੰਡ ‘ਚੋਂ ਹਜ਼ਾਰਾਂ ਦੀ ਗਿਣਤੀ ‘ਚ ਲੋਕ ਇੱਕਠੇ ਹੋਏ। ਜੰਮੂ-ਕਸ਼ਮੀਰ ਪੁਲਸ ਨੇ ਸਪੈਸ਼ਲ ਆਪਰੇਸ਼ਨ ਗਰੁੱਪ (ਐੱਸ. ਓ. ਸੀ.) ਦੇ ਜਵਾਨ ਕਮਲ ਕੁਮਾਰ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਰਿਆਸੀ ‘ਚ ਕੀਤਾ ਜਾ ਰਿਹਾ ਹੈ। ਭਾਜਪਾ ਦੇ ਸੂਬਾ ਪ੍ਰਧਾਨ ਰਵਿੰਦਰ ਰਾਣਾ ਸਮੇਤ ਪੁਲਸ ਅਧਿਕਾਰੀ ਅਤੇ ਕਈ ਹੋਰ ਆਗੂ ਸੰਸਕਾਰ ‘ਤੇ ਪਹੁੰਚੇ।
ਪਿੰਡ ਵਾਸੀਆਂ ਨੇ ਭਾਵਨਾਤਮਕ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਹੈ ਕਿ ਕਮਲ ਕੁਮਾਰ ਦੀ ਸ਼ਹਾਦਤ ‘ਤੇ ਸਿਰਫ ਰਿਆਸੀ ਹੀ ਨਹੀਂ ਸਗੋਂ ਪੂਰਾ ਦੇਸ਼ ਮਾਣ ਕਰ ਰਿਹਾ ਹੈ। ਕਮਲ ਕੁਮਾਰ ਦੇ ਪਰਿਵਾਰ ‘ਚੋਂ ਉਨ੍ਹਾਂ ਦਾ ਇਕ ਭਰਾ ਅਤੇ ਇਕ ਭੈਣ ਵੀ ਦੇਸ਼ ਦੀ ਸੇਵਾ ਲਈ ਸੁਰੱਖਿਆਬਲਾਂ ‘ਚ ਸ਼ਾਮਿਲ ਹੈ। ਉਨ੍ਹਾਂ ਦੇ ਪਿਤਾ ਨੇ ਪੁੱਤਰ ਦੀ ਸ਼ਹਾਦਤ ਨੂੰ ਦੇਸ਼ ਸੇਵਾ ਖਾਤਿਰ ਸਮਰਪਣ ਕਰ ਦਿੱਤਾ ਹੈ। ਇਸ ਤੋਂ ਇਲਾਵਾ ਫਤਿਹ ਕਦਲ ਮੁੱਠਭੇੜ ‘ਚ ਸੁਰੱਖਿਆਬਲਾਂ ਨੇ ਬੁੱਧਵਾਰ ਨੂੰ 3 ਅੱਤਵਾਦੀਆਂ ਨੂੰ ਮਾਰਿਆ ਸੀ।