ਨਵੀਂ ਦਿੱਲੀ – ਵਨ ਡੇ ਰੈਂਕਿੰਗ ਵਿੱਚ ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਭਾਰਤ, ਵੈੱਸਟਇੰਡੀਜ਼ ਵਿਰੁੱਧ ਪੰਜ ਮੈਚਾਂ ਦੀ ਸੀਰੀਜ਼ ਵਿੱਚ ਪਹਿਲੇ ਦੋ ਮੈਚ ਖੇਡਦੇ ਹੀ 950 ਵਨ ਡੇ ਪੂਰੇ ਕਰਨ ਦੀ ਵਿਲੱਖਣ ਉਪਲੱਬਧੀ ਹਾਸਿਲ ਕਰ ਲਵੇਗਾ। ਵਨ ਡੇ ਕ੍ਰਿਕਟ ਵਿੱਚ ਹੁਣ ਤਕ ਕਿਸੇ ਵੀ ਦੇਸ਼ ਨੇ 950 ਵਨ ਡੇ ਨਹੀਂ ਖੇਡੇ। ਭਾਰਤ ਇਹ ਉਪਲਬਧੀ ਹਾਸਿਲ ਕਰਨ ਵਾਲਾ ਪਹਿਲਾ ਦੇਸ਼ ਬਣੇਗਾ। ਆਸਟਰੇਲੀਆ ਹੀ ਇੱਕਲੌਤਾ ਅਜਿਹਾ ਦੇਸ਼ ਹੈ ਜਿਸ ਨੇ 900 ਵਨ ਡੇ ਪੂਰੇ ਕੀਤੇ ਹਨ। ਆਸਟਰੇਲੀਆ ਹੁਣ ਤਕ 916 ਵਨ ਡੇ ਖੇਡ ਚੁੱਕਾ ਹੈ।
ਭਾਰਤ ਨੇ ਆਪਣੇ ਵਨ ਡੇ ਸਫ਼ਰ ਦੀ ਸ਼ੁਰੂਆਤ 1974 ਵਿੱਚ ਕੀਤੀ ਸੀ ਜਦਕਿ ਆਗਾਮੀ ਸੀਰੀਜ਼ ਦੇ ਉਸ ਦੇ ਵਿਰੋਧੀ ਵੈੱਸਟਇੰਡੀਜ਼ ਨੇ 1973 ਤੋ ਵਨ ਡੇ ਖੇਡਣਾ ਸ਼ੁਰੂ ਕੀਤਾ ਸੀ। ਵੈੱਸਟਇੰਡੀਜ਼ ਨੇ ਹੁਣ ਤਕ 780 ਵਨ ਡੇ ਖੇਡੇ ਹਨ। ਭਾਰਤ ਦੀ ਪਹਿਲੀ ਸੀਰੀਜ਼ ਇੰਗਲੈਂਡ ਵਿਰੁੱਧ ਸੀ ਅਤੇ ਦੋ ਮੈਚਾਂ ਦੀ ਇਹ ਸੀਰੀਜ਼ ਭਾਰਤ ਨੇ 0-2 ਨਾਲ ਗੁਆਈ ਸੀ। ਆਸਟਰੇਲੀਆ ਅਤੇ ਇੰਗਲੈਂਡ ਨੇ 1971 ਤੋਂ ਵਨ ਡੇ ਦੇ ਸ਼ੁਰੂਆਤ ਕੀਤੀ ਸੀ। ਆਸਟਰੇਲੀਆ ਨੇ ਜਿੱਥੇ 916 ਵਨ ਡੇ ਖੇਡੇ ਹਨ ਉਥੇ ਇੰਗਲੈਂਡ ਨੇ 718 ਵਨ ਡੇ ਖੇਡੇ ਹਨ। ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ 900 ਵਨ ਡੇ ਪੂਰੇ ਕਰਨ ਦੀ ਦਹਿਲੀਜ਼ ‘ਤੇ ਹੈ। ਉਸ ਨੇ 899 ਵਨ ਡੇ ਖੇਡੇ ਹਨ। ਭਾਰਤ ਨੇ ਆਪਣੇ 948 ਵਨ ਡੇ ਵਿੱਚੋਂ 489 ਜਿੱਤੇ ਹਨ, 411 ਹਾਰੇ ਹਨ, ਅੱਠ ਟਾਈ ਰਹੇ ਅਤੇ 40 ਵਿੱਚ ਕੋਈ ਨਤੀਜਾ ਨਹੀਂ ਨਿਕਲਿਆ ਹੈ। ਭਾਰਤ ਨੇ ਵੈੱਸਟਇੰਡੀਜ਼ ਵਿਰੁੱਧ 121 ਵਨ ਡੇ ਵਿੱਚ 56 ਜਿੱਤੇ ਹਨ, 61 ਹਾਰੇ, ਇੱਕ ਟਾਈ ਰਿਹਾ ਅਤੇ ਤਿੰਨ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ।