ਨਵੀਂ ਦਿੱਲੀ — ਮਾਕਪਾ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਦੇਸ਼ ‘ਚ ਲਗਾਤਾਰ ਵਧਦੀ ਆਰਥਿਕ ਅਸਮਾਨਤਾ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮੀਰ ਅਤੇ ਗਰੀਬ ਵਿਚਾਲੇ ਵਧਦੇ ਫਰਕ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਯੇਚੁਰੀ ਨੇ ਦੇਸ਼ ਦੀ ਅੱਧੀ ਤੋਂ ਵੱਧ ਜਾਇਦਾਦ ਅਮੀਕ ਲੋਕਾਂ ਕੋਲ ਹੋਣ ਦਾ ਖੁਲਾਸਾ ਕਰਨ ਵਾਲੀ ਹਾਲ ਹੀ ‘ਚ ਜਾਰੀ ਹੋਈ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਕਾਰ ਗਲਤ ਆਰਥਿਕ ਨੀਤੀਆਂ ਕਾਰਨ ਸਮੁੱਚਾ ਸਿਸਟਮ ‘ਅਮੀਰ ਸਿਸਟਮ’ ਵਿਚ ਤਬਦੀਲ ਹੋ ਗਿਆ ਹੈ।
ਰਿਪੋਰਟ ਦੇ ਹਵਾਲੇ ਤੋਂ ਯੇਚੁਰੀ ਨੇ ਟਵੀਟ ਕਰ ਕੇ ਕਿਹਾ, ”ਦੇਸ਼ ਦੇ ਸਭ ਤੋਂ ਅਮੀਰ ਲੋਕਾਂ ਦੀ ਦੇਸ਼ ਦੀ ਆਬਾਦੀ ‘ਚ 10 ਫੀਸਦੀ ਹਿੱਸਾ ਹੈ ਅਤੇ ਉਨ੍ਹਾਂ ਕੋਲ ਕੁੱਲ ਰਾਸ਼ਟਰੀ ਜਾਇਦਾਦ ਦਾ ਲੱਗਭਗ 77 ਫੀਸਦੀ ਹਿੱਸਾ ਹੈ। ਮੋਦੀ ਰਾਜ ਵਿਚ ਗਰੀਬ ਲਗਾਤਾਰ ਹੋਰ ਗਰੀਬ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਸਭ ਤੋਂ ਵਧ ਅਮੀਰ 1 ਫੀਸਦੀ ਲੋਕ 51.1 ਫੀਸਦੀ ਜਾਇਦਾਦ ਦੇ ਮਾਲਕ ਹਨ। ਪਿਛਲੇ 4 ਸਾਲਾਂ ‘ਚ ਇਨ੍ਹਾਂ ਦੀ ਜਾਇਦਾਦ ਵਿਚ ਇਜ਼ਾਫਾ ਹੋਇਆ ਹੈ। ਯੇਚੁਰੀ ਨੇ ਕਿਹਾ ਕਿ ਆਰਥਿਕ ਅਸਮਾਨਤਾ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ ਅਤੇ ਮੋਦੀ ਸਰਕਾਰ ਸਿਰਫ ਅਮੀਰਾਂ ਲਈ ਹੈ ਅਤੇ ਬਾਕੀ ਸਾਰਿਆਂ ਲਈ ਉਨ੍ਹਾਂ ਕੋਲ ਸਿਰਫ ਚੁਟਕਲੇ ਹਨ।