ਜਲੰਧਰ – ਫ਼ੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੂੰ ਭਰੋਸਾ ਹੈ ਕਿ ਉਹ ਦੁਨੀਆ ਦੇ ਸਭ ਤੋਂ ਖ਼ੁਸ਼ ਇਨਸਾਨਾਂ ਵਿੱਚੋਂ ਇੱਕ ਹੈ ਅਤੇ ਉਹ ਆਤਮਵਿਸ਼ਵਾਸ ਨਾਲ ਭਰਿਆ ਹੈ ਕਿ ਉਹ ਜਬਰ ਜ਼ਨਾਹ ਦੇ ਦੋਸ਼ਾਂ ਤੋਂ ਬਰੀ ਹੋ ਜਾਵੇਗਾ। ਚੈਂਪੀਅਨਜ਼ ਲੀਗ ਤਹਿਤ ਆਪਣੇ ਸਾਬਕਾ ਕਲੱਬ ਮੈਨਚੈਸਟਰ ਯੂਨਾਈਟਿਡ ਖ਼ਿਲਾਫ਼ ਖੇਡਣ ਤੋਂ ਪਹਿਲਾਂ ਪ੍ਰੈੱਸ ਕਾਨਫ਼ਰੈਂਸ ਦੌਰਾਨ ਰੋਨਾਲਡੋ ਨੇ ਕਿਹਾ ਕਿ ਉਸ ‘ਤੇ ਲਾਸ ਵੇਗਾਸ ਦੇ ਹੋਟਲ ਵਿੱਚ ਇੱਕ ਮਹਿਲਾ ਨਾਲ ਜਬਰ ਜ਼ਨਾਹ ਦੇ ਦੋਸ਼ ਲੱਗੇ ਹਨ। ਉਸ ਨੂੰ ਪੂਰਾ ਭਰੋਸਾ ਹੈ ਕਿ ਉਹ ਜਲਦੀ ਹੀ ਇਸ ਦੋਸ਼ ਤੋਂ ਮੁਕਤ ਹੋ ਜਾਵੇਗਾ।
ਰੋਨਾਲਡੋ ਨੇ ਕਿਹਾ, ”ਮੈਂ ਕਿਸੇ ਵੀ ਹਾਲਾਤ ਵਿੱਚ ਝੂਠ ਨਹੀਂ ਬੋਲ ਸਕਦਾ। ਮੈਂ ਜ਼ਿੰਦਗੀ ‘ਚ ਬਹੁਤ ਖ਼ੁਸ਼ ਹਾਂ। ਮੇਰੇ ਵਕੀਲਾਂ ਨੂੰ ਵੀ ਭਰੋਸਾ ਹੈ ਅਤੇ ਉਨ੍ਹਾਂ ਦੇ ਨਾਲ ਮੈਨੂੰ ਵੀ ਭਰੋਸਾ ਹੈ, ਪਰ ਇਨ੍ਹਾਂ ਸਭ ਤੋਂ ਜ਼ਰੂਰੀ ਗੱਲ ਹੈ ਕਿ ਫ਼ੁੱਟਬਾਲ ਖੇਡਣ ਦਾ ਪੂਰਾ ਮਜ਼ਾ ਲੈ ਰਿਹਾ ਹਾਂ। ਮੈਂ ਚੰਗੇ ਲੋਕਾਂ ਦੇ ਨਾਲ ਹਾਂ। ਸੱਚ ਸਭ ਦੇ ਸਾਹਮਣੇ ਆ ਹੀ ਜਾਵੇਗਾ। ਇਸ ਲਈ ਮੈਂ ਠੀਕ ਹਾਂ।