ਕਿਹਾ – ਇਹ ਸਭ ਗਲਤੀ ਨਾਲ ਹੋ ਗਿਆ ਸੀ
ਚੰਡੀਗੜ੍ਹ : ਪੰਜਾਬ ਸਰਕਾਰ ਵਿਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਮਹਿਲਾ ਆਈਏਐਸ ਅਫ਼ਸਰ ਨੂੰ ਮੈਸੇਜ ਭੇਜਣ ਦੀ ਗੱਲ ਕਬੂਲ ਕਰ ਲਈ ਹੈ। ਚੰਨੀ ਨੇ ਕਿਹਾ ਕਿ ਇਹ ਸਭ ਗਲਤੀ ਨਾਲ ਹੋ ਗਿਆ ਸੀ। ਇਸ ਦੇ ਨਾਲ ਹੀ ਚੰਨੀ ਨੇ ਦਾਅਵਾ ਕੀਤਾ ਕਿ ਇਹ ਮਾਮਲਾ ਪਹਿਲਾਂ ਹੀ ਸੁਲਝਾ ਲਿਆ ਗਿਆ ਹੈ। ਵਿਦੇਸ਼ ਦੌਰੇ ‘ਤੇ ਗਏ ਚੰਨੀ ਨੇ ਕਿਹਾ ਕਿ ਮਹਿਲਾ ਅਫ਼ਸਰ ਨੂੰ ਗ਼ਲਤੀ ਨਾਲ ਮੈਸੇਜ ਭੇਜਿਆ ਗਿਆ ਸੀ ਪਰ ਹੁਣ ਸਿਆਸੀ ਕਾਰਨਾਂ ਕਰਕੇ ਇਸ ਨੂੰ ਹੋਰ ਉਭਾਰਿਆ ਜਾ ਰਿਹਾ ਹੈ। ਧਿਆਨ ਰਹੇ ਕਿ ਇੱਕ ਮਹਿਲਾ ਆਈਏਐਸ ਅਫ਼ਸਰ ਨੇ ਚਰਨਜੀਤ ਚੰਨੀ ਉੱਤੇ ਗਲਤ ਮੈਸੇਜ ਭੇਜਣ ਦਾ ਇਲਜ਼ਾਮ ਲਾਇਆ ਸੀ ਪਰ ਮਹਿਲਾ ਅਧਿਕਾਰੀ ਨੇ ਇਸ ਸਬੰਧੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ।
ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਚੰਨੀ ਦਾ ਬਚਾਅ ਕਰਦਿਆਂ ਕਿਹਾ ਕਿ ਪਾਰਟੀ ਕੋਲ ਮੀ ਟੂ ਮਾਮਲੇ ਦੀ ਕੋਈ ਵੀ ਸ਼ਿਕਾਇਤ ਨਹੀਂ ਆਈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਅਖਬਾਰਾਂ ਦੀਆਂ ਸੁਰਖੀਆਂ ਦਾ ਜਵਾਬ ਦੇ ਦਿੱਤਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮੈਸੇਜ ਭੇਜਣਾ ਮੀ ਟੂ ਦੇ ਦਾਇਰੇ ਵਿਚ ਨਹੀਂ ਆਉਂਦਾ।