ਚੰਡੀਗੜ੍ਹ – ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ 5 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸੰਬੰਧੀ ਫ਼ੈਸਲਾ ਪਾਰਟੀ ਦੀ ਸੂਬਾ ਕੋਰ ਕਮੇਟੀ ਦੀ ਪਿਛਲੀ ਬੈਠਕ ਦੇ ਦੌਰਾਨ ਲਿਆ ਗਿਆ ਸੀ ਅਤੇ ਇਸ ਦੇ ਨਾਲ ਪਾਰਟੀ ਨੇ ਤਲਵੰਡੀ ਸਾਬੋ ਤੋਂ ਵਿਧਾਇਕ, ਪ੍ਰੋ. ਬਲਜਿੰਦਰ ਕੌਰ ਨੂੰ ਸੂਬਾ ਇਕਾਈ ਦੇ ਚੀਫ਼ ਬੁਲਾਰੇ ਵਜੋਂ ਨਿਯੁਕਤ ਕੀਤਾ ਹੈ।
ਚੰਡੀਗੜ੍ਹ ਵਿਖੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸੂਬਾ ਕੋਰ ਕਮੇਟੀ ਦੇ ਮੁੱਖੀ ਪ੍ਰਿੰਸੀਪਲ ਬੁੱਧ ਰਾਮ ਅਤੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪਾਰਟੀ ਨੇ ਆਪਣੇ ਮੌਜੂਦਾ ਸੰਸਦ ਮੈਂਬਰਾਂ ਸੰਗਰੂਰ ਅਤੇ ਫ਼ਰੀਦਕੋਟ ਤੋਂ ਕ੍ਰਮਵਾਰ ਭਗਵੰਤ ਮਾਨ ਅਤੇ ਪ੍ਰੋ. ਸਾਧੂ ਸਿੰਘ ਮੈਦਾਨ ਵਿਚ ਫਿਰ ਤੋਂ ਉਤਾਰਨ ਦਾ ਫ਼ੈਸਲਾ ਕੀਤਾ ਹੈ।
ਡਾ. ਰਵਜੋਤ ਸਿੰਘ ਜਿੰਨਾ ਨੇ 2017 ਦੀ ਵਿਧਾਨ ਸਭਾ ਚੋਣ ਹਲਕਾ ਸ਼ਾਮਚੁਰਾਸੀ ਤੋਂ ਲੜੀ ਅਤੇ 42,797 ਵੋਟਾਂ ਪ੍ਰਾਪਤ ਕੀਤੀਆਂ ਸਨ, ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਐਲਾਨ ਕੀਤਾ ਹੈ, ਇਸੇ ਤਰਾਂ 2017 ਵਿਧਾਨ ਸਭਾ ਚੋਣਾਂ ਵਿਚ ਮੋਹਾਲੀ ਤੋਂ ਚੋਣ ਲੜਨ ਵਾਲੇ ਨਰਿੰਦਰ ਸਿੰਘ ਸ਼ੇਰਗਿੱਲ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਤੋਂ ਆਪਣਾ ਉਮੀਦਵਾਰ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਨਰਿੰਦਰ ਸਿੰਘ ਸ਼ੇਰਗਿੱਲ 2017 ਦੀਆਂ ਚੋਣਾਂ ਵਿਚ ਮੋਹਾਲੀ ਹਲਕੇ ਤੋਂ 38,971 ਵੋਟਾਂ ਹਾਸਿਲ ਕਰ ਕੇ ਦੂਜੇ ਨੰਬਰ ‘ਤੇ ਆਏ ਸਨ। ਪਾਰਟੀ ਨੇ ‘ਆਪ’ ਮਾਝਾ ਜ਼ੋਨ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਮੀਦਵਾਰ ਐਲਾਨ ਕੀਤਾ ਹੈ। ਧਾਲੀਵਾਲ ਇੱਕ ਪ੍ਰਗਤੀਸ਼ੀਲ ਅਤੇ ਮਿਹਨਤੀ ਕਿਸਾਨ ਹੋਣ ਦੇ ਨਾਲ-ਨਾਲ ਉਹ ਸਮਾਜ ਭਲਾਈ ਨਾਲ ਸੰਬੰਧਿਤ ਸਰਗਰਮੀਆਂ ਵਿਚ ਵੀ ਹਿੱਸਾ ਲੈਂਦੇ ਆ ਰਹੇ ਹਨ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਐਲਾਨ ਕੀਤੇ ਗਏ ਉਕਤ ਉਮੀਦਵਾਰ ਪਾਰਟੀ ਦੇ ਪੁਰਾਣੇ ਮੈਂਬਰ ਹਨ ਅਤੇ ਉਨ੍ਹਾਂ ਨੇ ਪਾਰਟੀ ਦੇ ਵਿਕਾਸ ਲਈ ਦਿਨ-ਰਾਤ ਜ਼ਮੀਨੀ ਪੱਧਰ ‘ਤੇ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵਰਕਰਾਂ ਦੀਆਂ ਇੱਛਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਰਟੀ ਨੇ ਉਨ੍ਹਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ ਹਨ ਜੋ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕਦੇ ਆ ਰਹੇ ਹਨ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਜਰਾਤ ਮਾਡਲ ਅਤੇ ਕੈਪਟਨ ਅਮਰਿੰਦਰ ਮਾਡਲ ਦੇਸ਼ ਅਤੇ ਸੂਬੇ ਵਿਚ ਅਸਫਲ ਰਹੇ ਹਨ। ਮੋਦੀ ਨੇ ਕੇਂਦਰ ਵਿਚ ਸੱਤਾ ਹਾਸਿਲ ਕਰਨ ਤੋਂ ਬਾਅਦ ਦੇਸ ਦੇ ਲੋਕਾਂ ਨੂੰ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ ਉਨ੍ਹਾਂ ਵਾਅਦਿਆਂ ਭੁੱਲ ਕੇ ਦੇਸ਼ ਦੀ ਜਨਤਾ ਨਾਲ ਵਾਅਦਾ-ਖ਼ਿਲਾਫ਼ੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਦੇਸ ਭਰ ਵਿਚ ਅੰਦੋਲਨ ਕਰ ਰਹੀ ਹੈ ਅਤੇ ਆਪਣਾ ਹੱਕ ਮੰਗਣ ਵਾਲੇ ਨੂੰ ਪੁਲਿਸ ਦੀਆਂ ਲਾਠੀਆਂ ਦੀ ਮਾਰ ਖਾਣੀ ਪੈ ਰਹੀ ਹੈ, ਦੇਸ਼ ਵਿਚ ਦਿਨੋਂ ਦਿਨ ਬੇਰੁਜ਼ਗਾਰੀ ਅਮਰ ਵੇਲ ਵਾਂਗ ਪੈਰ ਪਸਾਰਦੀ ਜਾ ਰਹੀ ਹੈ ਅਤੇ ਆਰਥਿਕ ਢਾਂਚਾ ਦਾ ਪੱਧਰ ਦਿਨੋਂ ਦਿਨ ਹੇਠਾਂ ਵੱਲ ਨੂੰ ਆ ਰਿਹਾ ਹੈ।
ਪ੍ਰੋ. ਬਲਜਿੰਦਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਖੋਖਲੇ ਵਾਅਦੇ ਨਾਲ ਸੱਤਾ ਵਿਚ ਆਏ ਸਨ ਪਰ ਹੁਣ ਸਰਕਾਰ ਦੇ ਮੌਜੂਦਾ ਕਰਮਚਾਰੀਆਂ ਦੀਆਂ ਤਨਖ਼ਾਹ ਨੂੰ ਵੀ ਘਟਾ ਦਿੱਤਾ ਗਿਆ ਹੈ। ਸੂਬਾ ਸਰਕਾਰ ਦੀ ਬੇਰੁਖ਼ੀ ਕਾਰਨ ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਸੂਬੇ ਵਿਚ ਸਿੱਖਿਆ ਪ੍ਰਣਾਲੀ ਵਿਚ ਲਗਾਤਾਰ ਨਿਘਾਰ ਆ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦਿੱਲੀ ਵਿਚ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਦਿਨ-ਰਾਤ ਸਖ਼ਤ ਮਿਹਨਤ ਕਰ ਰਹੀ ਹੈ। ਦਿੱਲੀ ਸਰਕਾਰ ਦੁਆਰਾ ਸਿੱਖਿਆ, ਸਿਹਤ, ਪਾਣੀ ਸਪਲਾਈ ਆਦਿ ਦੇ ਖੇਤਰ ਵਿਚ ਕੀਤੇ ਗਏ ਕੰਮਾਂ ਨੂੰ ਮੀਡੀਆ ਦੁਆਰਾ ਅੰਤਰਰਾਸ਼ਟਰੀ ਪੱਧਰ ‘ਤੇ ਵੀ ਸਵੀਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ‘ਆਪ’ ਅਰਵਿੰਦ ਕੇਜਰੀਵਾਲ ਦੇ ਮਾਡਲ ‘ਤੇ 2019 ਦੀਆਂ ਆਮ ਚੋਣਾਂ ਲੜੇਗੀ।