ਪ੍ਰਤਾਪਗੜ੍ਹ-ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦੇ ਹੀ ਸਿਆਸਤ ਗਰਮਾਉਣ ਲੱਗੀ ਹੈ, ਜਿੱਥੇ ਇਕ ਪਾਸੇ ਪਾਰਟੀਆਂ ‘ਚ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ, ਉੱਥੇ ਦੂਜੇ ਪਾਸੇ ਸੂਬੇ ਦੇ ਪ੍ਰਤਾਪਗੜ੍ਹ ਜ਼ਿਲੇ ‘ਚ ਇਕ ਭਾਜਪਾ ਨੇਤਾ ਦੀ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ ਹੈ।
ਸੀਨੀਅਰ ਪੁਲਸ ਆਧਿਕਾਰੀ ਸੁਪਰਡੈਂਟ ਰਤਨ ਲਾਲ ਨੇ ਦੱਸਿਆ ਹੈ ਕਿ ਸ਼ਨੀਵਾਰ ਨੂੰ ਸਮਰਥ ਲਾਲ ਕੁਮਾਵਤ ਮੋਟਰਸਾਈਕਲ ‘ਤੇ ਜਾ ਰਿਹਾ ਸੀ ਕਿ ਕੜਿਆਵਤ ਪਿੰਡ ਦੇ ਕੋਲ ਮੋਟਰਸਾਈਕਲ ‘ਤੇ ਆਏ ਤਿੰਨ ਅਣਪਛਾਤੇ ਨੌਜਵਾਨਾਂ ਨੇ ਪਹਿਲਾਂ ਉਸ ‘ਤੇ ਗੋਲੀਆਂ ਚਲਾਈਆ ਅਤੇ ਫਿਰ ਤਿੱਖੇ ਹਥਿਆਰ ਨਾਲ ਉਸ ਦਾ ਗਲਾ ਕੱਟ ਦਿੱਤਾ। ਭਾਜਪਾ ਨੇਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਸ ਨੇ ਜਾਣਕਾਰੀ ਦਿੱਤੀ ਕਿ ਹਮਲਾਵਰ ਘਟਨਾ ਤੋਂ ਤਰੁੰਤ ਬਾਅਦ ਉੱਥੋਂ ਫਰਾਰ ਹੋ ਗਏ। ਇਹ ਘਟਨਾ ਰਾਜਸਥਾਨ ਦੇ ਦੱਖਣੀ ਜ਼ਿਲੇ ਪ੍ਰਤਾਪਗੜ੍ਹ ਤੋਂ 4 ਕਿ.ਮੀ ਦੀ ਦੂਰੀ ‘ਤੇ ਸਥਿਤ ਪਿੰਡ ‘ਚ ਹੋਈ। ਪਰਿਵਾਰ ਵਾਲਿਆਂ ਨੇ 17-18 ਲੋਕਾਂ ਦੇ ਖਿਲਾਫ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਉਂਦੇ ਹੋਏ ਮਾਮਲਾ ਦਰਜ ਕਰਵਾਇਆ।
ਹਾਦਸੇ ਤੋਂ ਬਾਅਦ ਸਥਾਨਿਕ ਲੋਕਾਂ ਨੇ ਕੁਮਾਵਤ ਦਾ ਮ੍ਰਿਤਕ ਸਰੀਰ ਦੇ ਨਾਲ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਚੋਣਾ ਤੋਂ ਪਹਿਲਾਂ ਹੋਈ ਇਸ ਘਟਨਾ ਨੂੰ ਲੈ ਕੇ ਬੀ. ਜੇ ਪੀ ‘ਚ ਕਾਫੀ ਰੋਸ ਹੈ। ਕਾਂਗਰਸ ਨੇਤਾ ਆਸ਼ੋਕ ਗਲਹੋਤ ਨੇ ਵੀ ਇਸ ਹੱਤਿਆ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।