ਮਾਨਸਾ – ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਅੱਜ ਉਸ ਵੇਲੇ ਕਾਲੀਆਂ ਝੰਡੀਆਂ ਵੇਖਣ ਤੋਂ ਬਚਾਅ ਹੋ ਗਿਆ, ਜਦੋਂ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਵਰਕਰਾਂ ਦੀ ਇਸ ਯੋਜਨਾ ਦੀ ਭਾਫ ਕਿਧਰੇ ਬਾਦਲ ਦਲ ਦੇ ਵਰਕਰਾਂ ਅਤੇ ਇੰਟੈਲੀਜੈਂਸੀ ਦੇ ਅਧਿਕਾਰੀਆਂ ਤੱਕ ਅੱਪੜ ਗਈ। ਬੀਬੀ ਬਾਦਲ ਨੂੰ ਕਾਲੀਆਂ ਝੰਡੀਆਂ ਵਿਖਾਉਣ ਦੇ ਮਾਮਲੇ ਦੀ ਅਗਵਾਈ ਅਮ੍ਰਿਤਸਰ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਗੁਰਸੇਵਕ ਸਿੰਘ ਜਵਾਹਰਕੇ ਕਰ ਰਹੇ ਸਨ। ਉਹ ਆਪਣੇ ਸਾਥੀਆਂ ਸਮੇਤ ਕਾਲੀਆਂ ਝੰਡੀਆਂ ਲੈਕੇ ਬਠਿੰਡਾ—ਮਾਨਸਾ ਮੁੱਖ ਮਾਰਗ *ਤੇ ਪਿੰਡ ਭਾਈ ਦੇਸਾ ਵਿਖੇ ਖੜ੍ਹੇ ਹੋਏ ਸਨ। ਬੀਬੀ ਬਾਦਲ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਬਰੇਟਾ ਖੇਤਰ ਦੇ ਕਸਬਿਆਂ ਵਿਚ ਸੰਬੋਧਨ ਕਰਨ ਲਈ ਆਉਣਾ ਸੀ ਅਤੇ ਬਾਦਲ ਪਿੰਡ ਤੋਂ ਬਰੇਟਿਆਂ ਨੂੰ ਆਉਣ ਲਈ ਇਹੋ ਰਸਤਾ ਸਿੱਧਾ ਪੈਂਦਾ ਹੈ, ਪ੍ਰੰਤੂ ਕਾਲੀਆਂ ਝੰਡੀਆਂ ਵਿਖਾਉਣ ਦੀ ਜਾਣਕਾਰੀ ਜਦੋਂ ਏਜੰਸੀਆਂ ਤੱਕ ਅੱਪੜੀ ਤਾਂ ਉਨ੍ਹਾਂ ਵੱਲੋਂ ਬੀਬੀ ਬਾਦਲ ਦੇ ਲੰਘਣ ਦਾ ਰੂਟ ਬਠਿੰਡਾ ਤੋਂ ਵਾਇਆ ਜੌੜਕੀਆਂ ਕਰ ਦਿੱਤਾ ਦੱਸਿਆ ਜਾਂਦਾ ਹੈ।
ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਮੀਤ ਪ੍ਰਧਾਨ ਭਾਈ ਗੁਰਸੇਵਕ ਸਿੰਘ ਜਵਾਹਰਕੇ ਨੇ ਬਾਅਦ ਵਿਚ ਪੱਤਰਕਾਰਾਂ ਕੋਲ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਨੂੰ ਅੱਜ ਬਕਾਇਦਾ ਕਾਲੀਆਂ ਝੰਡੀਆਂ ਵਿਖਾਈਆਂ ਜਾਣੀਆਂ ਸਨ। ਉਨ੍ਹਾਂ ਕਿਹਾ ਕਿ ਜੇਕਰ ਬੀਬੀ ਬਾਦਲ ਵੱਲੋਂ ਆਪਣਾ ਰੂਟ ਨਾ ਬਦਲਿਆ ਜਾਂਦਾ ਤਾਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਲਾਜਮੀ ਵਿਖਾਉਣੀਆਂ ਸਨ। ਉਨ੍ਹਾਂ ਕਿਹਾ ਕਿ ਜਦੋਂ ਬੀਬੀ ਬਾਦਲ ਦੇ ਬਰੇਟਾ ਇਲਾਕੇ ਵਿਚ ਵਾਇਆ ਜੌੜਕੀਆਂ ਪੁੱਜਣ ਦੀ ਜਾਣਕਾਰੀ ਮਿਲੀ ਤਾਂ ਉਦੋਂ ਪਾਰਟੀ ਵਰਕਰਾਂ ਵੱਲੋਂ ਕਾਲੀਆਂ ਝੰਡੀਆਂ ਵਾਲਾ ਐਕਸ਼ਨ ਕਿਸੇ ਦਿਨ ਫਿਰ ਕਰਨ ਦਾ ਫੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੂੰ ਕਾਲੀਆਂ ਝੰਡੀਆਂ ਵਿਖਾ ਚੁੱਕੇ ਹਨ ਅਤੇ ਝੰਡੀਆਂ ਵਿਖਾਉਣ ਦਾ ਇਹ ਸਿਲਸਿਲਾ ਬਰਗਾੜੀ ਕਾਂਡ ਦੇ ਲੋਕਾਂ ਨੂੰ ਇਨਸਾਫ ਨਾ ਮਿਲਣ ਤੱਕ ਜਾਰੀ ਰਹੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜਵਾਹਰਕੇ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਖੁਦ ਅਕਾਲ ਤਖਤ ਦੇ ਜਥੇਦਾਰ ਉਪਰ ਦਬਾਅ ਪਾਕੇ ਪਹਿਲਾਂ ਸੰਤ ਗੁਰਮੀਤ ਰਾਮ ਰਹੀਮ ਸਿੰਘ ਦਾ ਸਮਾਜਿਕ ਤੌਰ *ਤੇ ਬਾਈਕਾਟ ਕਰਵਾਇਆ ਗਿਆ ਅਤੇ ਬਾਅਦ ਵਿਚ ਵੋਟਾਂ ਅਤੇ ਫਿਲਮ ਦੇ ਨੋਟਾਂ ਪਿੱਛੇ ਉਸ ਦੀ ਸਜਾ ਬਿਨਾਂ ਸਿੱਖ ਕੌਮ ਨਾਲ ਸਲਾਹ ਕੀਤਿਆਂ ਮੁਆਫ ਕਰਵਾਈ ਗਈ ਅਤੇ ਤਕਰੀਬਨ 1 ਕਰੋੜ ਰੁਪਏ ਦੇ ਇਸ਼ਤਿਹਾਰ ਸ੍ਰੋਮਣੀ ਕਮੇਟੀ ਦੇ ਖਾਤੇ *ਚੋਂ ਵੱਖ—ਵੱਖ ਅਖਬਾਰਾਂ ਨੂੰ ਦਿੱਤੇ ਗਏ।
ਇਸ ਮੌਕੇ ਇੰਦਰਜੀਤ ਸਿੰਘ ਮੁਨਸ਼ੀ, ਰਾਜਿੰਦਰ ਸਿੰਘ ਜਵਾਹਰਕੇ, ਰਣਜੀਤ ਸਿੰਘ, ਗੁਰਦੇਵ ਸਿੰਘ ਗੇਬਾ, ਜਗਦੇਵ ਸਿੰਘ ਕਾਲਾ, ਕਰਮ ਸਿੰਘ, ਅਮਰਜੀਤ ਸਿੰਘ, ਕੁਲਦੀਪ ਸਿੰਘ, ਹਰਦੇਵ ਸਿੰਘ ਬੁਰਜ ਰਾਠੀ, ਗੁਰਦੇਵ ਸਿੰਘ ਲੀਲਾ, ਪਰਦੀਪ ਸਿੰਘ ਖਾਲਸਾ, ਕਾਕਾ ਲਾਦੇਨ ਵੀ ਮੌਜੂਦ ਸਨ।