ਨਵੀਂ ਦਿੱਲੀ — ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਮੀਂਹ ਤੋਂ ਬਾਅਦ ਹਵਾ ਦੀ ਗੁਣਵੱਤਾ ਖਰਾਬ ਅਤੇ ਬੇਹੱਦ ਖਰਾਬ ਸ਼੍ਰੇਣੀ ਦਰਮਿਆਨ ਰਹੀ। ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਦੀ ਕੁੱਲ ਹਵਾ ਗੁਣਵੱਤਾ ਸੂਚਕਾਂਕ ਯਾਨੀ ਕਿ ਏਅਰ ਕੁਆਲਿਟੀ (ਏ. ਕਿਊ. ਆਈ.) 326 ਦਰਜ ਕੀਤੀ ਗਈ, ਜੋ ਕਿ ਬੇਹੱਦ ਖਰਾਬ ਸ਼੍ਰੇਣੀ ਵਿਚ ਆਉਂਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਅੰਕੜਿਆਂ ਮੁਤਾਬਕ ਕੁੱਲ ਏ. ਕਿਊ. ਆਈ. 299 ਦਰਜ ਕੀਤਾ ਹੈ ਜੋ ਕਿ ਖਰਾਬ ਸ਼੍ਰੇਣੀ ‘ਚ ਆਉਂਦਾ ਹੈ। ਦਿੱਲੀ ਦੇ 14 ਇਲਾਕਿਆਂ ਵਿਚ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਅਤੇ ਹੋਰ 14 ਇਲਾਕਿਆਂ ਵਿਚ ਖਰਾਬ ਸ਼੍ਰੇਣੀ ਵਿਚ ਦਰਜ ਕੀਤੀ ਗਈ।
ਹਵਾ ਦੀ ਗੁਣਵੱਤਾ ਸੂਚਕਾਂਕ ਵਿਚ 0 ਤੋਂ 50 ਅੰਕ ਤਕ ਹਵਾ ਦੀ ਗੁਣਵੱਤਾ ਨੂੰ ਚੰਗਾ, 51 ਤੋਂ 100 ਤੱਕ ਸੰਤੋਸ਼ਜਨਕ, 101 ਤੋਂ 200 ਤੱਕ ਮੱਧ ਅਤੇ ਆਮ, 201 ਤੋਂ 300 ਦੇ ਪੱਧਰ ਨੂੰ ਖਰਾਬ, 301 ਤੋਂ 400 ਦੇ ਪੱਧਰ ਨੂੰ ਬਹੁਤ ਖਰਾਬ ਅਤੇ 401 ਤੋਂ 500 ਦੇ ਪੱਧਰ ਨੂੰ ਗੰਭੀਰ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦਿੱਲੀ ਦੀ ਹਵਾ ਗੁਣਵੱਤਾ ਖਰਾਬ ਅਤੇ ਬੇਹੱਦ ਖਰਾਬ ਸ਼੍ਰੇਣੀ ਵਿਚ ਹੈ ਅਤੇ ਅਗਲੇ ਦੋ ਦਿਨਾਂ ਵਿਚ ਇਸ ਦੇ ਬੇਹੱਦ ਖਰਾਬ ਸ਼੍ਰੇਣੀ ਵਿਚ ਰਹਿਣ ਦਾ ਖਦਸ਼ਾ ਹੈ। ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਕਮੀ ਆਈ ਪਰ ਇਸ ਦਾ ਨਾ ਦੇ ਬਰਾਬਰ ਅਸਰ ਪਿਆ ਹੈ।