ਜੈਪੁਰ — ਗੁਜਰਾਤ ਦੇ ਨਰਮਦਾ ਨਦੀ ਦੇ ਤੱਟ ‘ਤੇ ਸਰਦਾਰ ਵੱਲਭ ਭਾਈ ਪਟੇਲ ਦੀ ਵਿਸ਼ਾਲ ਸਟੈਚੂ ਆਫ ਯੂਨਿਟੀ ਤੋਂ ਬਾਅਦ ਹੁਣ ਰਾਜਸਥਾਨ ਦੇ ਨਾਥਦੁਆਰਾ ਵਿਚ ਭਗਵਾਨ ਸ਼ਿਵ ਦੀ 351 ਫੁੱਟ ਉੱਚੀ ਮੂਰਤੀ ਬਣਨ ਜਾ ਰਹੀ ਹੈ। ਇਹ ਦੁਨੀਆ ਵਿਚ ਸਭ ਤੋਂ ਉੱਚੀ ਮੂਰਤੀ ਹੋਵੇਗੀ। ਇਸ ਦੇ ਅਗਲੇ ਸਾਲ ਮਾਰਚ ਤਕ ਬਣ ਜਾਣ ਦੀ ਸੰਭਾਵਨਾ ਹੈ। ਉਦੈਪੁਰ ਤੋਂ 50 ਕਿਲੋਮੀਟਰ ਦੀ ਦੂਰੀ ‘ਤੇ ਸ਼੍ਰੀ ਨਾਥਦੁਆਰਾ ਦੇ ਗਣੇਸ਼ ਟਕਰੀ ਵਿਚ ਸੀਮੇਂਟ-ਕੰਕਰੀਟ ਨਾਲ ਬਣੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਦਾ 85 ਫੀਸਦੀ ਨਿਰਮਾਣ ਕੰਮ ਪੂਰਾ ਕਰ ਲਿਆ ਗਿਆ ਹੈ।
ਇਸ ਪ੍ਰਾਜੈਕਟ ਦੇ ਮੁਖੀ ਰਾਜੇਸ਼ ਮਹਿਤਾ ਨੇ ਦੱਸਿਆ ਕਿ 351 ਫੁੱਟ ਉੱਚੀ ਸ਼ਿਵ ਮੂਰਤੀ ਦੁਨੀਆ ਦੀ ਚੌਥੇ ਨੰਬਰ ਦੀ ਅਤੇ ਭਾਰਤ ‘ਚ ਹਾਲ ਹੀ ਵਿਚ ਗੁਜਰਾਤ ਵਿਚ ਸਥਾਪਤ ਕੀਤੀ ਗਈ ਸਰਦਾਰ ਪਟੇਲ ਦੀ ਮੂਰਤੀ ਤੋਂ ਬਾਅਦ ਦੂਜੇ ਨੰਬਰ ਦੀ ਸਭ ਤੋਂ ਉੱਚੀ ਮੂਰਤੀ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ‘ਮਿਰਾਜ ਗਰੁੱਪ’ ਦੇ ਡਰੀਮ ਪ੍ਰਾਜੈਕਟ ਦਾ ਲੱਗਭਗ 85 ਫੀਸਦੀ ਕੰਮ ਪੂਰਾ ਕਰ ਲਿਆ ਗਿਆ ਹੈ ਅਤੇ ਮਾਰਚ 2019 ਤਕ ਨਿਰਮਾਣ ਕੰਮ ਪੂਰਾ ਹੋਣ ਦੀ ਸੰਭਾਵਨਾ ਹੈ।
ਮਹਿਤਾ ਨੇ ਦੱਸਿਆ ਕਿ ਪਿਛਲੇ 4 ਸਾਲਾਂ ਤੋਂ ਚਲ ਰਹੇ ਇਸ ਮੂਰਤੀ ਦੇ ਨਿਰਮਾਣ ‘ਚ ਸੀਮੇਂਟ ਦੇ ਲੱਗਭਗ 3 ਲੱਖ ਬੋਰੇ, 2500 ਟਨ ਸੀਰੀਆ ਇਸਤੇਮਾਲ ਹੋ ਚੁੱਕਾ ਹੈ। ਇਸ ਮੂਰਤੀ ਨੂੰ ਬਣਾਉਣ ਵਿਚ 750 ਕਾਰੀਗਰ ਅਤੇ ਮਜ਼ਦੂਰ ਰੋਜ਼ਾਨਾ ਕੰਮ ਕਰ ਰਹੇ ਹਨ। ਮੂਰਤੀ ਵਿਚ ਭਗਵਾਨ ਸ਼ਿਵ ਧਿਆਨ ਅਤੇ ਆਰਾਮ ਦੀ ਮੁਦਰਾ ਵਿਚ ਹਨ। ਉਨ੍ਹਾਂ ਦੱਸਿਆ 351 ਫੁੱਟ ਉੱਚੀ ਮੂਰਤੀ ਵਿਚ ਸੈਲਾਨੀਆਂ ਦੀ ਸਹੂਲਤ ਲਈ 4 ਲਿਫਟਾਂ ਅਤੇ 3 ਪੌੜੀਆਂ ਦੀ ਵਿਵਸਥਾ ਹੈ।
ਸੈਲਾਨੀ 280 ਫੁੱਟ ਦੀ ਉੱਚਾਈ ਤਕ ਜਾ ਸਕਣਗੇ। ਮੂਰਤੀ ਨੂੰ 20 ਕਿਲੋਮੀਟਰ ਦੀ ਦੂਰੀ ਤੋਂ ਸਥਿਤ ਕਾਂਕਰੋਲੀ ਲਾਈ ਓਵਰ ਤੋਂ ਦੇਖਿਆ ਜਾ ਸਕਦਾ ਹੈ। ਇੰਨੀ ਹੀ ਦੂਰੀ ਤੋਂ ਰਾਤ ਦੇ ਸਮੇਂ ਮੂਰਤੀ ਨੂੰ ਸਾਫ ਦੇਖਣ ਲਈ ਇਸ ਵਿਚ ਵਿਸ਼ੇਸ਼ ਲਾਈਟਾਂ ਲਾਈਆਂ ਜਾ ਰਹੀਆਂ ਹਨ, ਜਿਸ ਨੂੰ ਅਮਰੀਕਾ ਤੋਂ ਮੰਗਵਾਇਆ ਗਿਆ ਹੈ। ਮਹਿਤਾ ਨੇ ਕਿਹਾ ਕਿ ਝੀਲਾਂ ਦੀ ਨਗਰੀ ਉਦੈਪੁਰ ਆਉਣ ਵਾਲੇ ਦੇਸ਼ ਅਤੇ ਵਿਦੇਸ਼ ਦੇ ਸੈਲਾਨੀ ਹੁਣ ਸ਼੍ਰੀਨਾਥ ਜੀ ਮੰਦਰ ਨਾਲ ਦੁਨੀਆ ਦੀ ਸਭ ਤੋਂ ਉੱਚੀ ਵਿਸ਼ਾਲ ਸ਼ਿਵ ਮੂਰਤੀ ਅਤੇ ਇੱਥੇ ਬਣੇ ਥੀਏਟਰ, ਬਗੀਚੇ ਆਦਿ ਦਾ ਆਨੰਦ ਮਾਣ ਸਕਣਗੇ।