ਧਰਮਸ਼ਾਲਾ— ਹਿਮਾਚਲ ਪ੍ਰਦੇਸ਼ ਪੁਲਸ ਨੇ ਸ਼ਨੀਵਾਰ ਨੂੰ ਅਜਿਹੇ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਜੋ ਅਜਿਹੀਆਂ ਅਫਵਾਹਾਂ ਫੈਲਾ ਰਹੇ ਹਨ ਕਿ ਪੰਜਾਬ ਦੇ ਪਠਾਨਕੋਟ ਤੋਂ ਕੁਝ ਸ਼ੱਕੀ ਅੱਤਵਾਦੀਆਂ ਨੇ ਇਸ ਪਹਾੜੀ ਖੇਤਰ ‘ਚ ਪ੍ਰਵੇਸ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਹਿਮਾਚਲ ਪੁਲਸ ਉੱਤਰੀ ਰੇਂਜ ਦੇ ਡੀ.ਆਈ.ਜੀ. ਅਤੁਲ ਫੁਲਜੇਲੇ ਨੇ ਇਕ ਪ੍ਰੈੱਸ ਰਿਪੋਰਟ ‘ਚ ਕਿਹਾ, ‘ਅਜਿਹੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ 23 ਨਵੰਬਰ ਨੂੰ ਪਠਾਨਕੋਟ-ਧਰਮਸ਼ਾਲਾ ਯਾਤਰੀ ਬੱਸ ‘ਚੋਂ 5-7 ਸ਼ੱਕੀ ਅੱਤਵਾਦੀ ਯਾਤਰਾ ਕਰਦੇ ਦਿਖੇ ਹਨ।’
ਉਨ੍ਹਾਂ ਕਿਹਾ, ‘ਹਿਮਾਚਲ ਦੇ ਲੋਕਾਂ ਵਿਚਾਲੇ ਜਰ ਪੈਦਾ ਕਰਨ ਲਈ ਇਹ ਕੀਤਾ ਜਾ ਰਿਹਾ ਹੈ। ਹਿਮਾਚਲ ਪੁਲਸ ਉਨ੍ਹਾਂ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ‘ਤੇ ਵਿਚਾਰ ਕਰ ਰਹੀ ਹੈ ਜੋ ਸੋਸ਼ਲ ਮੀਡੀਆ ‘ਤੇ ਅਸਪੱਸ਼ਟ, ਬੇਬੁਨਿਆਦ ਤੇ ਆਧਾਰਹੀਨ ਖਬਰਾਂ ਫੈਲਾ ਰਹੇ ਹਨ।’ ਡੀ.ਆਈ.ਜੀ. ਨੇ ਕਿਹਾ ਕਿ ਵੈੱਬ ਸਮਾਚਾਰ ਪੋਰਟਲ ਨੂੰ ਵੀ ਨੋਟਿਸ ਜਾਰੀ ਕੀਤੇ ਜਾਣਗੇ, ਜਿਨ੍ਹਾਂ ਨੇ ਅਜਿਹੀਆਂ ਖਬਰਾਂ ਫੈਲਾਈਆਂ ਹਨ ਤੇ ਕਿਹਾ ਹੈ ਕਿ ਸੁਰੱਖਿਆ ਏਜੰਸੀਆਂ ਤੋਂ ਇਨ੍ਹਾਂ ਖਬਰਾਂ ਦੀ ਪੁਸ਼ਟੀ ਕੀਤੀ ਹੈ। ਫੁਲਜੇਲੇ ਨੇ ਸਪੱਸ਼ਟ ਕੀਤਾ ਕਿ ਪਠਾਨਕੋਟ ਦੇ ਰਾਸਤੇ ਸੂਬੇ ‘ਚ ਸ਼ੱਕੀ ਅੱਤਵਾਦੀਆਂ ਦੇ ਵੜ੍ਹਣ ਦੇ ਸਬੰਧ ‘ਚ ਉਨ੍ਹਾਂ ਕੋਈ ਖੁਫੀਆ ਜਾਣਕਾਰੀ ਨਹੀਂ ਮਿਲੀ ਹੈ।