ਭਵਾਨੀਗੜ੍ਹ — ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕਮਾਲ ਕੀਤੀ ਹੋਈ ਹੈ। ਦਿੱਲੀ ਵਿਚ ਰਿਕਾਰਡ ਤੋੜ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਕਾਰਨ ਵਿਰੋਧੀਆਂ ਨੂੰ ਪਸੀਨੇ ਆਉਣ ਲੱਗ ਪਏ ਹਨ। ਇਸੇ ਲਈ ਆਪਣੀ ਪਾਰੀ ਨੂੰ ਖਤਮ ਹੁੰਦਾ ਦੇਖ ਹੁਣ ਵਿਰੋਧੀ ਪਾਰਟੀਆਂ ਵੱਲੋਂ ਹੀ ਅਰਵਿੰਦ ਕੇਜਰੀਵਾਲ ‘ਤੇ ਕਦੇਂ ਮਿਰਚਾਂ ਨਾਲ, ਕਦੇ ਸਿਹਾਈ ਨਾਲ ਅਤੇ ਕਦੇ ਥੱਪੜ ਮਰਵਾ ਕੇ ਹਮਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਨੇੜਲੇ ਪਿੰਡ ਬਲਿਆਲ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਮਾਨ ਨੇ ਕਿਹਾ ਕਿ ਪੰਜਾਬ ਵਿਚ ਸਰਕਾਰੀ ਹਸਪਤਾਲ ਅਤੇ ਸਕੂਲ ਗਾਇਬ ਹੋ ਰਹੇ ਹਨ ਜਦੋਂ ਕਿ ਦਿੱਲੀ ਵਿਚ ਸਰਕਾਰੀ ਹਸਪਤਾਲਾਂ ਵਿਚ ਪੂਰਾ ਇਲਾਜ ਮੁਫਤ ਹੋ ਰਿਹਾ ਹੈ ਅਤੇ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਅਤੇ ਸਹੂਲਤਾਂ ਇਸ ਕਦਰ ਵਧੀਆਂ ਹੋ ਗਈਆਂ ਹਨ ਕਿ ਚੰਗੇ-ਚੰਗੇ ਅਧਿਕਾਰੀ ਵੀ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਹਟਾ ਕੇ ਸਰਕਾਰੀ ਸਕੂਲਾਂ ਵਿਚ ਪੜ੍ਹਣ ਲਈ ਲਗਾ ਰਹੇ ਹਨ। ਇਸ ਦੌਰਾਨ ਮਾਨ ਨੇ ਕਿਹਾ ਕਿ ਉਹ ਐਮ.ਪੀ. ਕੋਟੇ ਵਿਚੋਂ ਮਿਲਣ ਵਾਲੀ ਗ੍ਰਾਂਟ ਨੂੰ ਪੂਰੀ ਇਮਾਨਦਾਰੀ ਨਾਲ ਹਲਕੇ ਵਿਚ ਵੰਡ ਕੇ ਖਰਚ ਕਰਵਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਪਿੰਡ ਬਲਿਆਲ ਦੀ ਜਨਤਾ ਵੱਲੋਂ ਉਨ੍ਹਾਂ ਨੂੰ ਦਿੱਤੇ ਮੰਗ-ਪੱਤਰ ਵਿਚਲੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਜਲਦ ਪੂਰਾ ਕਰਨ ਦਾ ਭਰੋਸਾ ਦਿਵਾਇਆ ਜੋ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਆਉਂਦੀਆਂ ਹਨ। ਇਸ ਦੌਰਾਨ ਮਾਨ ਨੇ ਜਿਥੇ ਵਿਰੋਧੀਆਂ ਨੂੰ ਖਰੀਆਂ-ਖਰੀਆਂ ਸੁਣਾਈਆਂ, ਉਥੇ ਹੀ ਲੋਕਾਂ ਦੇ ਢਿੱਡੀ ਪੀੜਾਂ ਵੀ ਪਾਈਆਂ। ਇਸ ਮੌਕੇ ਸ. ਮਾਨ ਦੇ ਨਾਲ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਕਈ ਆਗੂ ਮੌਜੂਦ ਸਨ।