ਬਟਾਲਾ — ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਣ ਲਈ ਆਯੋਜਿਤ ਕੀਤੇ ਗਏ ਸਮਾਗਮ ‘ਚ ਭਾਸ਼ਣ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਸਾਹਿਬ ‘ਤੇ ਜਾਣ ਲਈ ਕਿਸੇ ਵੀ ਵੀਜ਼ੇ ਦੀ ਲੋੜ ਨਹੀਂ ਪਵੇਗੀ। ਸੰਗਤ ਜਦੋਂ ਮਰਜ਼ੀ ਜਾ ਕੇ ਦਰਸ਼ਨ ਕਰ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਦੀ ਯਾਦ ‘ਚ ਇਕ ਗੇਟ ਕੋਰੀਡੋਰ ‘ਚ ਬਣਾਇਆ ਜਾਵੇਗਾ, ਜਿਸ ਦਾ ਨਾਂ ‘ਕਰਤਾਰਪੁਰ ਦੁਆਰ’ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਇਸ ਮੌਕੇ ਕੈਪਟਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਕਿਹਾ ਉਹ ਉਮੀਦ ਕਰਦੇ ਹਨ ਕੋਰੀਡੋਰ ਦਾ ਕੰਮ 550 ਸਾਲ ਪੂਰੇ ਹੋਣ ਤੋਂ ਪਹਿਲਾਂ ਪੂਰਾ ਕਰ ਲਿਆ ਜਾਵੇਗਾ।
ਪਾਕਿ ਨਾ ਜਾਣ ਪਿੱਛੇ ਕੈਪਟਨ ਨੇ ਦੱਸਿਆ ਮੁੱੱਖ ਕਾਰਨ
ਪਾਕਿਸਤਾਨ ਨਾ ਜਾਣ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੇਰੇ ਪਾਕਿਸਤਾਨ ਨਾ ਜਾਣ ਦਾ ਕਾਰਨ ਪਾਕਿ ਵੱਲੋਂ ਰੋਜ਼ਾਨਾ ਸਰਹੱਦਾਂ ‘ਤੇ ਫੌਜੀਆਂ ‘ਤੇ ਕੀਤੇ ਜਾ ਰਹੇ ਹਮਲੇ ਹਨ। ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਹੋਣ ਦੇ ਨਾਤੇ ਉਹ ਪਾਕਿ ਨਹੀਂ ਜਾ ਰਹੇ ਹਨ ਕਿਉਂਕਿ ਉਹ ਪੰਜਾਬ ਦੇ ਲੋਕਾਂ ਦੇ ਰੱਖਿਅਕ ਹਨ। ਕੈਪਟਨ ਨੇ ਪਾਕਿਸਤਾਨ ਦੇ ਚੀਫ ਆਫ ਆਰਮੀ ਸਟਾਫ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਕਮਰ ਜਾਵੇਦ ਬਾਜਵਾ ਮੇਰੇ ਤੋਂ ਪਿੱਛੇ ਹਨ ਅਤੇ ਉਨ੍ਹਾਂ ਨੂੰ ਇਹ ਕਿਸ ਨੇ ਸਿਖਾਇਆ ਹੈ ਕਿ ਫੌਜੀ ਨੂੰ ਗੋਲੀ ਮਾਰੀ ਜਾਵੇ। ਉਨ੍ਹਾਂ ਨੇ ਕਿਹਾ ਕਿ ਮਾਸੂਮਾਂ ਨੂੰ ਮਾਰਨਾ ਗਲਤ ਹੈ। ਪਾਕਿਸਤਾਨ ਨੂੰ ਸ਼ਰਮ ਕਰਨੀ ਚਾਹੀਦੀ ਹੈ। ਪੰਜਾਬ ਇਸ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਪਹਿਲੀ ਪਾਤਸ਼ਾਹਦੀ ਦੇ ਪਿਆਰ ਦੇ ਪੈਗਾਮ ਨੂੰ ਸਿੱਖੇ ਅਤੇ ਇਹ ਹਮਲੇ ਬੰਦ ਕਰ ਦੇਵੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਪਾਕਿਸਤਾਨ ਹਮਲੇ ਕਰਨਾ ਬੰਦ ਕਰ ਦੇਵੇ ਤਾਂ ਫਿਰ ਉਹ ਪਾਕਿਸਤਾਨ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਪਾਕਿ ਤੋਂ ਵੱਡੀ ਫੌਜ ਹੈ ਪਰ ਸਾਡਾ ਦੇਸ਼ ਸ਼ਾਂਤੀ ਦਾ ਮੂਲਕ ਹੈ। ਜੇਕਰ ਪਾਕਿ ਨੇ ਗੜਬੜੀ ਦੀ ਕੋਸ਼ਿਸ਼ ਕੀਤੀ ਤਾਂ ਸਾਡੀ ਵੀ ਪੂਰੀ ਤਿਆਰੀ ਹੈ ਪਰ ਜੰਗ ਕੋਈ ਕਰਨਾ ਨਹੀਂ ਚਾਹੁੰਦਾ। ਅਸੀਂ ਚਾਹੁੰਦੇ ਹਾਂ ਕਿ ਸ਼ਾਂਤੀ ਨਾਲ ਮੂਲਕ ਦਾ ਵਿਕਾਸ ਕੀਤਾ ਜਾਵੇ। ਉਥੇ ਹੀ 26/11 ਮੁੰਬਈ ਹਮਲੇ ‘ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਬੁਜ਼ਦਿਲੀ ਸੀ ਜੋ ਪਾਕਿਸਤਾਨ ਨੇ ਕੀਤੀ।