ਪੁਡੂਚੇਰੀ — ਸਬਰੀਮਾਲਾ ਮੁੱਦੇ ਨੂੰ ਲੈ ਕੇ ਭਾਜਪਾ ਅਤੇ ਹਿੰਦੂ ਮੁੰਨਾਨੀ ਦੀ ਅਪੀਲ ‘ਤੇ ਦਿਨ ਭਰ ਦਾ ਬੰਦ ਸੋਮਵਾਰ ਨੂੰ ਉਸ ਸਮੇਂ ਹਿੰਸਕ ਹੋ ਉਠਿਆ, ਜਦੋਂ ਪ੍ਰਦਰਸ਼ਨਕਾਰੀਆਂ ਨੇ 11 ਸਰਕਾਰੀ ਬੱਸਾਂ ‘ਚ ਤੋੜ-ਭੰਨ ਕਰ ਦਿੱਤੀ। ਇਸ ਸਬੰਧ ਵਿਚ ਪੁਲਸ ਨੇ ਭਾਜਪਾ ਦੇ 4 ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਮੁਤਾਬਕ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਪਥਰਾਅ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ 11 ਬੱਸਾਂ ਦੇ ਸ਼ੀਸ਼ੇ ਤੋੜ ਦਿੱਤੇ। ਪੁਲਸ ਨੇ ਕਾਨੂੰਨ ਅਤੇ ਵਿਵਸਥਾ ਨੂੰ ਬਣਾ ਕੇ ਰੱਖਣ ਲਈ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਹਨ।
ਸ਼ਹਿਰ ‘ਚ ਜ਼ਿਆਦਾਤਰ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਹਨ। ਸੜਕਾਂ ‘ਤੇ ਪ੍ਰਾਈਵੇਟ ਬੱਸਾਂ ਵੀ ਘੱਟ ਹੀ ਦੌੜ ਰਹੀਆਂ ਹਨ। ਤਾਮਿਲਨਾਡੂ ਅਤੇ ਪੁਡੂਚੇਰੀ ਸਰਕਾਰ ਦੀਆਂ ਬੱਸਾਂ ਪੁਲਸ ਸੁਰੱਖਿਆ ਵਿਚ ਚਲਾਈਆਂ ਜਾ ਰਹੀਆਂ ਹਨ। ਆਟੋਰਿਕਸ਼ਾ, ਟੈਕਸੀ ਅਤੇ ਯਾਤਰੀ ਟੈਂਪੋ ਆਮ ਦਿਨ ਦੀ ਤਰ੍ਹਾਂ ਚਲ ਰਹੇ ਹਨ। ਬੰਦ ਕਾਰਨ ਕਈ ਸਕੂਲਾਂ ਵਿਚ ਅੱਜ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜਦਕਿ ਸਰਕਾਰੀ ਸਕੂਲ, ਕੇਂਦਰ ਅਤੇ ਸੂਬਾ ਸਰਕਾਰਾਂ ਦੇ ਦਫਤਰਾਂ ‘ਚ ਹਾਜ਼ਰੀ ਆਮ ਵਾਂਗ ਹੈ।