ਨਵੀਂ ਦਿੱਲੀ— ਸੋਮਵਾਰ ਨੂੰ ਲੋਕ ਸਭਾ ਚੋਣ ਲੜਨ ਦੀ ਉਮਰ ਘੱਟ ਕਰਨ ਨੂੰ ਲੈ ਕੇ ਸੁਪਰੀਮ ਕੋਰਟ ‘ਚ ਦਰਜ ਪਟੀਸ਼ਨ ਖਾਰਿਜ ਕਰ ਦਿੱਤੀ ਗਈ ਹੈ। ਚੋਟੀ ਦੀ ਅਦਾਲਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਚੋਣ ਲੜਨ ਦੀ ਉਮਰ ਘਟਣਾ ਸੰਭਵ ਨਹੀਂ ਹੈ। ਪਟੀਸ਼ਨ ਦਾਖਲ ਕਰਨ ਵਾਲੇ ਨੇ ਮੰਗ ਕੀਤੀ ਸੀ ਕਿ ਲੋਕ ਸਭਾ ਚੋਣ ‘ਚ ਖੜ੍ਹੇ ਹੋਣ ਵਾਲੇ ਉਮੀਦਵਾਰ ਦੀ ਉਮਰ 25 ਤੋਂ ਘਟਾ ਕੇ 18 ਕੀਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ‘ਤੇ ਸੁਣਵਾਈ ਕਰਨ ‘ਤੇ ਸੁਪਰੀਮ ਕੋਰਟ ਨੇ ਅੱਜ ਇਨਕਾਰ ਕਰ ਦਿੱਤਾ ਹੈ। ਚੋਟੀ ਦੀ ਅਦਾਲਤ ਦੇ ਇਸ ਫੈਸਲੇ ਨਾਲ ਉਨ੍ਹਾਂ ਨੇਤਾਵਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਨਿਰਾਸ਼ਾ ਹੱਥ ਲੱਗੀ ਹੈ ਜੋ ਘੱਟ ਉਮਰ ‘ਚ ਚੋਣ ਲੜਨਾ ਚਾਹੁੰਦੇ ਹਨ ਪਰ ਸੰਵਿਧਾਨ ‘ਚ ਇਸ ਗੱਲ ਦੀ ਮਨਜ਼ੂਰੀ ਨਾ ਹੋਣ ਕਾਰਨ ਉਹ ਘੱਟ ਉਮਰ ‘ਚ ਚੋਣ ਨਹੀਂ ਲੜ੍ਹ ਪਾ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਭਾਰਤੀ ਸੰਵਿਧਾਨ ਦੀ ਧਾਰਾ 84 ‘ਚ ਇਹ ਕਾਨੂੰਨ ਹੈ ਕਿ ਲੋਕ ਸਭਾ ਚੋਣ ਲੜਨ ਲਈ ਲੜਕੇ ਦੀ ਉਮਰ ਘੱਟੋਂ-ਘੱਟ 25 ਹੋਵੇਗੀ। ਇਸ ਤੋਂ ਪਹਿਲਾਂ ਸ਼ਿਵਸੇਨਾ ਮੁਖੀ ਉਧਵ ਠਾਕਰੇ ਦੇ ਬੇਟੇ ਤੇ ਯੂਵਾ ਸੇਨਾ ਪ੍ਰਧਾਨ ਆਦਿਤਿਆ ਠਾਕਰੇ ਵੀ ਚੋਣ ਲੜਨ ਦੀ ਉਮਰ 21 ਤੋਂ 18 ਸਾਲ ਕਰਨ ਦੀ ਮੰਗ ਕਰ ਚੁੱਕੇ ਹਨ। ਉਸ ਸਮੇਂ ਉਨ੍ਹਾਂ ਨੇ ਤਰਕ ਦਿੱਤਾ ਸੀ ਕਿ ਜਦੋਂ ਵੋਟ ਪਾਉਣ ਦੀ ਉਮਰ 18 ਹੋ ਸਕਦੀ ਹੈ ਤਾਂ ਚੋਣ ਲੜਨ ਵਾਲੇ ਉਮੀਦਵਾਰ ਦੀ ਉਮਰ 21 ਕਿਉਂ? ਪਰ ਉਨ੍ਹਾਂ ਦੇ ਇਸ ਤਰਕ ਨੂੰ ਚੋਟੀ ਅਦਾਲਤ ਨੇ ਸਵੀਕਾਰ ਨਹੀਂ ਕੀਤਾ ਸੀ।