ਨਵੀਂ ਦਿੱਲੀ— ਭਾਰਤ ਦੀ ਯਾਤਰਾ ‘ਤੇ ਆਏ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਸ਼ਾਹਿਦ ਅਤੇ ਉਨ੍ਹਾਂ ਨਾਲ ਆਏ ਵਫਦ ਦਾ ਸਵਾਗਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਮਾਲਦੀਵ ਆਪਸੀ ਸਬੰਧ ਖਾਸ ਅਤੇ ਮਿੱਤਰਾਪੂਰਨ ਹਨ। ਭਾਰਤ ਵਿਕਾਸ ਵਿਚ ਵਿਸ਼ਵਾਸ ਕਰਦਾ ਹੈ, ਜਿਸ ਵਿਚ ਮਾਲਦੀਵ ਸਮੇਤ ਸਾਰੇ ਗੁਆਂਢੀ ਦੇਸ਼ ਸ਼ਾਮਲ ਹੋਣ। ਅਸੀਂ ਮਾਲਦੀਵ ਨਾਲ ਸਮਾਜਿਕ-ਆਰਥਿਕ ਵਿਕਾਸ ਵਿਚ ਮਦਦ ਕਰਨ ਲਈ ਹਮੇਸ਼ਾ ਤਿਆਰ ਹਾਂ।
ਰਾਸ਼ਟਰਪਤੀ ਨੇ ਮਾਲਦੀਵ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਉੱਥੋਂ ਦੀ ਸਰਕਾਰ ਵਲੋਂ ਸ਼ੁਰੂ ਕੀਤੇ ਗਏ 100 ਦਿਨਾਂ ਕਾਰਜ ਯੋਜਨਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਾਰਤ, ਮਾਲਦੀਵ ਸਰਕਾਰ ਦੀ ਇਸ ਕੋਸ਼ਿਸ਼ ਵਿਚ ਮਦਦ ਕਰੇਗਾ। ਇੱਥੇ ਦੱਸ ਦੇਈਏ ਕਿ ਸ਼੍ਰੀ ਸ਼ਾਹਿਦ ਵਫਦ ਨਾਲ 4 ਦਿਨ ਦੀ ਯਾਤਰਾ ‘ਤੇ 24 ਨਵੰਬਰ ਨੂੰ ਭਾਰਤ ਆਏ। ਅੱਜ ਉਨ੍ਹਾਂ ਦੀ ਯਾਤਰਾ ਦਾ ਆਖਰੀ ਦਿਨ ਹੈ।