ਸ਼੍ਰੀਨਗਰ — ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲੇ ਵਿਚ ਬੁੱਧਵਾਰ ਨੂੰ ਸੁਰੱਖਿਆ ਫੋਰਸ ਦੇ ਜਵਾਨਾਂ ਨਾਲ ਮੁਕਾਬਲੇ ਵਿਚ ਲਸ਼ਕਰ-ਏ-ਤੋਇਬਾ ਦਾ ਮੋਸਟ ਵਾਂਟੇਡ ਅੱਤਵਾਦੀ ਨਵੀਦ ਜਟ ਮਾਰਿਆ ਗਿਆ। ਜਟ ‘ਰਾਈਜਿੰਗ ਕਸ਼ਮੀਰ’ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸੁਜਾਤ ਬੁਖਾਰੀ ਦੀ ਇਸ ਸਾਲ ਜੂਨ ਵਿਚ ਹੋਈ ਹੱਤਿਆ ‘ਚ ਸ਼ਾਮਲ ਸੀ। ਅੱਤਵਾਦੀਆਂ ਨੇ ਬੁਖਾਰੀ ਨੂੰ ਉਨ੍ਹਾਂ ਦੇ ਦਫਤਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਓਧਰ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਅੱਜ ਸਵੇਰੇ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਬੜਗਾਮ ‘ਚ ਤਲਾਸ਼ੀ ਅਤੇ ਘੇਰਾਬੰਦੀ ਮੁਹਿੰਮ ਚਲਾਈ ਸੀ। ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਫੋਰਸ ਦੇ ਜਵਾਨਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦਾ ਫੌਜ ਦੇ ਜਵਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ।
ਓਧਰ ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਦਿਲਬਾਗ ਸਿੰਘ ਨੇ ਪ੍ਰੈੱਸ ਕਾਨਫਰੰਸ ਜ਼ਰੀਏ ਨਵੀਦ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿਚ ਮਾਰਿਆ ਗਿਆ ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਨਵੀਦ ਜਟ ਪਾਕਿਸਤਾਨ ਨਾਗਰਿਕ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਨਵੀਦ ਕਸ਼ਮੀਰ ਦੇ ਕਈ ਨੌਜਵਾਨਾਂ ਅਤੇ ਬੱਚਿਆਂ ਨੂੰ ਚੁੱਕ ਕੇ ਗੋਲੀਆਂ ਨਾਲ ਭੁੰਨਣ, ਗਲਾ ਵੱਢਣ ਅਤੇ ਪੁਲਸ ‘ਤੇ ਹਮਲੇ ਵਿਚ ਸ਼ਾਮਲ ਸੀ। ਆਖਰਕਾਰ ਸੁਰੱਖਿਆ ਫੋਰਸ ਦੇ ਜਵਾਨ ਉਸ ਨੂੰ ਮਾਰਨ ਵਿਚ ਸਫਲ ਰਹੇ। ਨਵੀਦ ਦਾ ਮਰਨਾ ਇੱਥੋਂ ਦੀ ਜਨਤਾ ਲਈ ਰਾਹਤ ਦੀ ਖਬਰ ਹੈ। ਉਹ ਕਸ਼ਮੀਰੀ ਨੌਜਵਾਨਾਂ ਨੂੰ ਸੋਸ਼ਲ ਮੀਡੀਆ ‘ਤੇ ਭੜਕਾਊ ਵੀਡੀਓਜ਼ ਪੋਸਟ ਕਰ ਕੇ ਭੜਕਾਉਣ ਦਾ ਕੰਮ ਕਰਦਾ ਸੀ।