ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਓਡਿਸ਼ਾ ਦੇ ਜਗਨਨਾਥ ਪੁਰੀ ਵਿਖੇ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਦੇ ਨਵ-ਨਿਰਮਾਣ ਅਤੇ ਸੇਵਾ-ਸੰਭਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਜਾ ਰਹੇ ਯਤਨ ਸਿਰੇ ਚੜ੍ਹਦੇ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਜਗਨਨਾਥ ਮੰਦਰ ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਮੁੜ ਨਿਰਮਾਣ ਲਈ ਸ਼੍ਰੋਮਣੀ ਕਮੇਟੀ ਦੀ ਸਲਾਹ ਨਾਲ ਕਾਰਜ ਕਰਨ ਦਾ ਫੈਸਲਾ ਕੀਤਾ ਹੈ, ਜਿਸ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਡਾ. ਰੂਪ ਸਿੰਘ ਨੇ ਕਿਹਾ ਕਿ ਜਗਨਨਾਥ ਪੁਰੀ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਲਈ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਸਨ ਤੇ ਇਸ ਸਬੰਧੀ ਉਨ੍ਹਾਂ ਸਮੇਤ 3 ਮੈਂਬਰੀ ਇਕ ਵਫ਼ਦ ਵੀ ਓਡਿਸ਼ਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਗੁਰਦੁਆਰਾ ਸਾਹਿ-ਨਿਰਮਾਣ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਜਲਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਡਾ. ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਜਗਨਨਾਥ ਪੁਰੀ ਤੋਂ ਇਕ ਵਿਸ਼ਾਲ ਨਗਰ ਕੀਰਤਨ ਸਜਾਉਣ ਦਾ ਵੀ ਪ੍ਰੋਗਰਾਮ ਹੈ, ਜਿਸ ਲਈ ਸ਼੍ਰੋਮਣੀ ਕਮੇਟੀ ਦਾ ਇਕ ਵਫ਼ਦ ਓਡਿਸ਼ਾ ਜਾਵੇਗਾ, ਜੋ ਗੁਰਦੁਆਰਾ ਸਾਹਿਬ ਦੇ ਨਿਰਮਾਣ ਸਬੰਧੀ ਜਗਨਨਾਥ ਪੁਰੀ ਮੰਦਰ ਕਮੇਟੀ ਨਾਲ ਵੀ ਗੱਲਬਾਤ ਕਰੇਗਾ। ਇਸ ਇਤਿਹਾਸਕ ਗੁਰਦੁਆਰਾ ਸਾਹਿਬ ਲਈ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਸਾਲ 2017 ‘ਚ ਇਕ ਕਮੇਟੀ ਬਣਾਈ ਗਈ ਸੀ, ਜਿਸ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੱਡ ਤੇ ਮੁੱਖ ਸਕੱਤਰ ਡਾ. ਰੂਪ ਸਿੰਘ ਸ਼ਾਮਿਲ ਸਨ। ਇਸ ਕਮੇਟੀ ਦੀ ਰਿਪੋਰਟ ਅਨੁਸਾਰ ਓਡਿਸ਼ਾ ਸਿੱਖ ਪ੍ਰਤੀਨਿਧ ਬੋਰਡ ਦੇ ਪ੍ਰਧਾਨ ਮਹਿੰਦਰ ਸਿੰਘ ਤੇ ਭਾਈ ਹਿੰਮਤ ਸਿੰਘ ਚੈਰੀਟੇਬਲ ਟਰੱਸਟ ਦੇ ਜਗਜੀਤ ਸਿੰਘ ਤੋਂ ਇਲਾਵਾ ਸਤਪਾਲ ਸਿੰਘ ਪਾਲੀ ਨੂੰ ਇਸ ਮਾਮਲੇ ਦੇ ਹੱਲ ਲਈ ਮੰਦਰ ਕਮੇਟੀ ਨਾਲ ਗੱਲਬਾਤ ਕਰਨ ਲਈ ਨਿਰਧਾਰਤ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਨਿਰਧਾਰਤ ਇਨ੍ਹਾਂ ਸ਼ਖਸੀਅਤਾਂ ਨੇ ਗੁਰਦੁਆਰਾ ਸਾਹਿਬ ਦੀ ਮੁੜ ਸਥਾਪਨਾ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਇਨ੍ਹਾਂ ਦੀ ਅਗਵਾਈ ‘ਚ ਜਗਨਨਾਥ ਪੁਰੀ ਵਿਖੇ ਆਉਣ ਵਾਲਿਆਂ ਲਈ ਸਮੇਂ-ਸਮੇਂ ‘ਤੇ ਲੰਗਰ ਤੇ ਜੋੜਾ ਘਰ ਆਦਿ ਦੀ ਸੇਵਾ ਵੀ ਕੀਤੀ ਜਾਂਦੀ ਰਹੀ ਹੈ।