ਹਿਮਾਚਲ— ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲੇ ਦੇ ਸ਼ਿਲਾਈ ‘ਚ ਦਰਦਨਾਕ ਸੜਕ ਹਾਦਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਿਲਾਈ ‘ਚ ਇਕ ਕਾਰ ਡੂੰਘੀ ਖੱਡ ‘ਚ ਜਾ ਡਿੱਗੀ। ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਨਾਲ ਜ਼ਖਮੀ ਹਨ। ਜਾਣਕਾਰੀ ਮੁਤਾਬਕ ਹਾਦਸਾ ਸੋਮਵਾਰ ਤੜਕੇ ਕਰੀਬ ਤਿੰਨ ਵਜੇ ਗੰਗਟੋਲੀ ਦੇ ਨੇੜੇ ਹੋਇਆ। ਕਾਰ ਸ਼ਿਲਾਈ ਤੋਂ ਪਾਉਂਟਾ ਸਾਹਿਬ ਵੱਲ ਨੂੰ ਜਾ ਰਹੀ ਸੀ ਉਸ ਸਮੇਂ ਇਹ ਹਾਦਸਾ ਹੋਇਆ।
ਮ੍ਰਿਤਕਾਂ ਸਮੇਤ ਦੋਹੇਂ ਜ਼ਖਮੀ ਦਿੱਲੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਸਥਾਨਕ ਲੋਕਾਂ ਨੇ ਪੁਲਸ ਨੂੰ ਹਾਦਸੇ ਦੀ ਸੂਚਨਾ ਦਿੱਤੀ। ਪੁਲਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਸਥਾਨਕ ਲੋਕਾਂ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕੀਤਾ। ਐਂਬੁਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਪਾਉਂਟਾ ਦੇ ਨੇੜੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ।