ਨਵੀਂ ਦਿੱਲੀ — 1984 ਸਿੱਖ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦੇ ਮਾਮਲੇ ਨੂੰ ਲੈ ਕੇ ਦਿੱਲੀ ਦੀ ਇਕ ਅਦਾਲਤ ਵਿਚ ਅੱਜ ਸੁਣਵਾਈ ਹੋਈ। ਅਦਾਲਤ ਨੇ ਕਿਹਾ ਕਿ ਐੱਸ. ਆਈ. ਟੀ ਦੀ 3 ਮੈਂਬਰੀ ਕਮੇਟੀ ਲਈ ਤੀਜੇ ਮੈਂਬਰ ਦੀ ਚੋਣ ਲਈ ਸਿਰਫ ਇਕ ਹੀ ਨਾਂ ਕਿਉਂ ਸੁਝਾਇਆ ਗਿਆ, ਬਾਕੀ ਨਾਂ ਵੀ ਹੋਣ ਅਤੇ ਉਨ੍ਹਾਂ ‘ਚੋਂ ਹੀ ਇਕ ਮੈਂਬਰ ਚੁਣਿਆ ਜਾਵੇ। ਵਕੀਲਾਂ ਨੇ ਕਿਹਾ ਕਿ 2 ਮੈਂਬਰਾਂ ਦੀ ਕਮੇਟੀ ਪਿਛਲੇ 10 ਮਹੀਨਿਆਂ ਤੋਂ ਕੰਮ ਕਰ ਰਹੀ ਹੈ, ਅਜਿਹੇ ਵਿਚ ਕਿਉਂ ਨਾ ਸਿਰਫ 2 ਮੈਂਬਰਾਂ ਨੂੰ ਹੀ ਰਹਿਣ ਦਿੱਤਾ ਜਾਵੇ। ਕੋਰਟ ਨੇ ਕਿਹਾ ਕਿ ਇਹ 3 ਜੱਜਾਂ ਦਾ ਫੈਸਲਾ ਸੀ ਕਿ 3 ਮੈਂਬਰੀ ਐੱਸ. ਆਈ. ਟੀ. ਬਣਾਈ ਜਾਵੇ। ਅੱਜ ਸਿਰਫ 2 ਹੀ ਜੱਜ ਹਨ ਤਾਂ ਕੱਲ ਫਿਰ 3 ਜੱਜਾਂ ਦੀ ਬੈਂਚ ਬੈਠੇਗੀ ਤਾਂ ਉਸ ‘ਚ ਇਸ ਮਾਮਲੇ ‘ਤੇ ਸੁਣਵਾਈ ਕੀਤੀ ਜਾ ਸਕੇਗੀ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ 1984 ਵਿਚ ਪੂਰੇ ਦੇਸ਼ ਵਿਚ ਦੰਗੇ ਭੜਕੇ ਸਨ। ਦਿੱਲੀ ਵਿਚ ਜਿੱਥੇ ਸਭ ਤੋਂ ਜ਼ਿਆਦਾ ਸਿੱਖ ਮਾਰੇ ਗਏ, ਉਥੇ ਹੀ ਇਸ ਦੀ ਅੱਗ ਕਾਨਪੁਰ ਤਕ ਵੀ ਪਹੁੰਚੀ ਸੀ। ਇੱਥੇ 127 ਸਿੱਖਾਂ ਦੇ ਖੂਨ ਨਾਲ ਸੜਕਾਂ ਲਾਲ ਹੋਈਆਂ ਸਨ। ਸੁਪਰੀਮ ਕੋਰਟ ‘ਚ ਕਾਨਪੁਰ ‘ਚ ਭੜਕੇ ਦੰਗਿਆਂ ਦੇ ਮਾਮਲੇ ਦੀ ਸੁਣਵਾਈ ਚਲ ਰਹੀ ਹੈ, ਜਿਸ ਦੀ ਜਾਂਚ ਐੱਸ. ਆਈ. ਟੀ. ਤੋਂ ਕਰਵਾਈ ਜਾ ਰਹੀ ਹੈ। ਸਬੂਤਾਂ ਦੀ ਘਾਟ ਕਾਰਨ ਅਜੇ ਤਕ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਗਈ। ਕਾਨਪੁਰ ਵਿਚ ਕਰੀਬ 127 ਸਿੱਖ ਮਾਰੇ ਗਏ ਸਨ, ਜਿਸ ‘ਚੋਂ 108 ਲੋਕਾਂ ਦੀ ਰਿਪੋਰਟ ਸੁਪਰੀਮ ਕੋਰਟ ‘ਚ ਲਾਈ ਜਾ ਚੁੱਕੀ ਹੈ।
ਓਧਰ ਅਜੇ ਤਕ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਮਾਮਲੇ ‘ਚ ਕੋਈ ਰਿਪੋਰਟ ਪੇਸ਼ ਨਹੀਂ ਕੀਤੀ ਹੈ। ਅੱਜ ਦੀ ਸੁਣਵਾਈ ਵਿਚ ਵੀ ਉੱਤਰ ਪ੍ਰਦੇਸ਼ ਵਲੋਂ ਬਣਾਈ ਗਈ ਐੱਸ. ਆਈ. ਟੀ. ਨੇ ਕੋਈ ਰਿਪੋਰਟ ਨਹੀਂ ਦਿੱਤੀ। ਅਦਾਲਤ ਨੇ ਪਹਿਲਾਂ 3 ਮੈਂਬਰੀ ਐੱਸ. ਆਈ. ਟੀ. ਦਾ ਮਾਮਲਾ ਅਤੇ ਕਾਨਪੁਰ ਮਾਮਲੇ ਨੂੰ ਇਕੱਠਾ ਕਰ ਦਿੱਤਾ ਸੀ। ਕਾਨਪੁਰ ਮਾਮਲੇ ਦੇ ਵਕੀਲਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਵੱਖਰਾ ਕਰ ਦਿੱਤਾ ਜਾਵੇ, ਜਿਸ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਨੂੰ ਵੱਖਰਾ ਕਰ ਦਿੱਤਾ ਹੈ। ਹੁਣ ਕੱਲ ਇਸ ਮਾਮਲੇ ਦੀ ਫਿਰ ਤੋਂ ਸੁਣਵਾਈ ਹੋਵੇਗੀ ਅਤੇ ਪਤਾ ਲੱਗ ਸਕੇਗਾ ਕਿ ਅਗਲੀ ਤਰੀਕ ਕੀ ਮਿਲਦੀ ਹੈ।