ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਰਤੀ ਜਲ ਸੈਨਾ ਦੇ ਜਵਾਨਾਂ ਅਤੇ ਦੇਸ਼ ਵਾਸੀਆਂ ਨੂੰ ਜਲ ਸੈਨਾ ਦਿਵਸ ਦੀ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਦੇਸ਼ ਦੀ ਸੁਰੱਖਿਆ ਅਤੇ ਆਫਤ ਪ੍ਰਬੰਧਨ ਵਿਚ ਉਨ੍ਹਾਂ ਨੇ ਯੋਗਦਾਨ ਦੀ ਸ਼ਲਾਘਾ ਕੀਤੀ। ਮੋਦੀ ਨੇ ਟਵੀਟ ਕੀਤਾ, ”ਭਾਰਤੀ ਜਲ ਸੈਨਾ ਦੇ ਬਹਾਦਰ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਲ ਸੈਨਾ ਦਿਵਸ ਦੀ ਵਧਾਈ। ਦੇਸ਼ ਦੀ ਰੱਖਿਆ ਅਤੇ ਆਫਤ ਪ੍ਰਬੰਧਨ ਵਿਚ ਤੁਹਾਡੀ ਭੂਮਿਕਾ ਲਈ ਦੇਸ਼ ਜਲ ਸੈਨਾ ਪ੍ਰਤੀ ਸ਼ੁਕਰਗੁਜ਼ਾਰ ਹੈ।”
ਦੱਸਣਯੋਗ ਹੈ ਕਿ ਜਲ ਸੈਨਾ ਦਿਵਸ 1971 ਵਿਚ ਹੋਏ ਭਾਰਤ-ਪਾਕਿਸਤਾਨ ਯੁੱਧ ਦੀ ਜਿੱਤ ਦੀ ਯਾਦ ਵਿਚ ਹਰੇਕ ਸਾਲ 4 ਦਸੰਬਰ ਨੂੰ ਮਨਾਇਆ ਜਾਂਦਾ ਹੈ। ਸਾਲ 1971 ਨੂੰ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਲਈ ਜਲ ਸੈਨਾ ਮੁਖੀ ਐਡਮਿਰਲ ਐੱਸ. ਐੱਮ. ਨੰਦਾ ਦੀ ਅਗਵਾਈ ਵਿਚ ‘ਆਪਰੇਸ਼ਨ ਟ੍ਰਾਈਡੇਂਟ’ ਚਲਾਇਆ ਸੀ ਅਤੇ ਕਰਾਚੀ ਵਿਚ ਸਥਿਤ ਪਾਕਿਸਤਾਨੀ ਜਲ ਸੈਨਾ ਦੇ ਅੱਡਿਆਂ ‘ਤੇ ਹਮਲਾ ਕਰ ਕੇ ਉਸ ਦੇ 3 ਜਹਾਜ਼ਾਂ ਨੂੰ ਨਸ਼ਟ ਕਰ ਦਿੱਤਾ ਸੀ।