ਨਵੀਂ ਦਿੱਲੀ— 1984 ਸਿੱਖ ਵਿਰੋਧੀ ਦੰਗਾ ਮਾਮਲੇ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਲਈ ਦੋ ਮੈਂਬਰੀ ਕਮੇਟੀ ਨੂੰ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕੋਰਟ ਨੇ ਕਿਹਾ ਕਿ ਇਸ ਕੇਸ ਦੀ ਜਾਂਚ ਲਈ ਐੱਸ. ਆਈ. ਟੀ. ‘ਚ 2 ਮੈਂਬਰ ਹੀ ਕੰਮ ਕਰਨਗੇ। ਪਹਿਲਾਂ ਸੁਪਰੀਮ ਕੋਰਟ ਨੇ ਇਸ ਲਈ 3 ਮੈਂਬਰਾਂ ਦੀ ਐੱਸ. ਆਈ. ਟੀ. ਬਣਾਈ ਸੀ ਪਰ ਤੀਜੇ ਮੈਂਬਰ ਦੀ ਨਿਯੁਕਤੀ ਨਾ ਹੋਣ ਕਾਰਨ 10 ਮਹੀਨੇ ਤੋਂ ਕੰਮ ਰੁਕਿਆ ਰਿਹਾ। ਦੋ ਮੈਂਬਰੀ ਕਮੇਟੀ ਤੀਜੇ ਮੈਂਬਰ ਦੀ ਨਿਯੁਕਤੀ ਨਾ ਹੋਣ ਕਰ ਕੇ ਕੰਮ ਅੱਗੇ ਨਹੀਂ ਵਧਾ ਸਕੇ ਤਾਂ ਕਮੇਟੀ ਅੱਜ ਤੋਂ ਹੀ ਕੰਮ ਅੱਗੇ ਵਧਾਉਣਾ ਸ਼ੁਰੂ ਕਰ ਦੇਵੇਗੀ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ 1984 ਦੇ ਕੇਸ ਦੀ ਮੁੜ ਜਾਂਚ ਕਰਨ ਲਈ ਐੱਸ. ਆਈ. ਟੀ. ਬਣਾਈ ਸੀ।
ਸੁਪਰੀਮ ਕੋਰਟ ਦੇ 3 ਜੱਜਾਂ ਦੀ ਬੈਂਚ ਨੇ 11 ਜਨਵਰੀ ਦੇ ਆਦੇਸ਼ ‘ਚ ਸੋਧ ਕੀਤੀ ਅਤੇ ਕੇਂਦਰ ਸਰਕਾਰ ਦੇ ਸੁਝਾਅ ਨੂੰ ਮੰਨਦਿਆਂ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ 186 ਮਾਮਲਿਆਂ ਦੀ ਜਾਂਚ ਲਈ ਐੱਸ. ਆਈ. ਟੀ. ਦੇ ਦੋ ਮੈਂਬਰਾਂ ਹੀ ਨਾਲ ਜਾਂਚ ਜਾਰੀ ਰਹੇਗੀ। ਸੇਵਾ ਮੁਕਤ ਜਸਟਿਸ ਐੱਸ. ਐੱਨ. ਢੀਂਗਰਾ ਅਤੇ ਆਈ. ਪੀ. ਐੱਸ. ਅਭਿਸ਼ੇਕ ਦੁੱਲਰ ਹੁਣ ਇਹ ਦੋਵੇਂ ਹੀ ਕੰਮ ਕਰਨਗੇ। ਹਾਲਾਂਕਿ ਦੋਵੇਂ ਪਿਛਲੇ 10 ਮਹੀਨਿਆਂ ਤੋਂ ਕੰਮ ਕਰ ਰਹੇ ਹਨ ਅਤੇ ਹੁਣ ਉਹ ਇਸ ਕੰਮ ਨੂੰ ਸਿਰੇ ਚਾੜ੍ਹ ਸਕਣਗੇ।
ਦਰਅਸਲ ਇਸ ਮਾਮਲੇ ਦੀ ਸੋਮਵਾਰ ਭਾਵ ਕੱਲ ਵੀ ਸੁਣਵਾਈ ਹੋਈ ਸੀ। ਕੱਲ ਦੋ ਜੱਜਾਂ ਦੀ ਬੈਂਚ ਹੋਣ ਕਾਰਨ ਮਾਮਲੇ ਦੀ ਸੁਣਵਾਈ ਨੂੰ ਅੱਗੇ ਪਾ ਦਿੱਤਾ ਗਿਆ ਸੀ। ਵਕੀਲਾਂ ਨੇ ਕਿਹਾ ਸੀ ਕਿ ਕਿਉਂ ਨਾ ਸਿਰਫ ਦੋ ਮੈਂਬਰੀ ਕਮੇਟੀ ਹੀ ਰਹਿਣ ਦਿੱਤੀ ਜਾਵੇ ਅਤੇ ਕੇਂਦਰ ਸਰਕਾਰ ਨੂੰ ਵੀ ਕੋਈ ਇਤਰਾਜ਼ ਨਹੀਂ ਹੈ। ਅੱਜ 3 ਜੱਜਾਂ ਦੀ ਬੈਂਚ ਸਾਹਮਣੇ ਮਾਮਲਾ ਰੱਖਿਆ ਗਿਆ ਅਤੇ ਇਸ ਫੈਸਲੇ ਨੂੰ ਦੋ ਮੈਂਬਰੀ ਐੱਸ. ਆਈ. ਟੀ. ਕੀਤਾ ਗਿਆ।