ਲੁਧਿਆਣਾ- ਆਮ ਆਦਮੀ ਪਾਰਟੀ ਮਾਲਵਾ ਜ਼ੋਨ-2 ਦੇ ਵਲੰਟੀਅਰਾਂ ਵੱਲੋਂ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਲੋਕ ਵਿਰੋਧੀ ਫ਼ੈਸਲਿਆਂ ਦੇ ਖ਼ਿਲਾਫ਼ ਗੁਲਮੋਹਰ ਹੋਟਲ ਤੋਂ ਲੈ ਕੇ ਮਿੰਨੀ ਸਕੱਤਰੇਤ ਤੱਕ ਪ੍ਰਭਾਵਸ਼ਾਲੀ ਰੋਸ ਪ੍ਰਦਰਸ਼ਨ ਕਰ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ।
ਰੋਸ ਪ੍ਰਦਰਸ਼ਨ ਤੋਂ ਪਹਿਲਾਂ ਵਲੰਟੀਅਰਾਂ ਦੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ‘ਆਪ’ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਕੈਪਟਨ ਸਰਕਾਰ ਪਹਿਲਾਂ ਅਕਾਲੀ ਦਲ- ਭਾਜਪਾ ਸਰਕਾਰ ਨਾਲੋਂ ਵੀ ਜ਼ਿਆਦਾ ਨਿਕੰਮੀ ਸਰਕਾਰ ਸਾਬਤ ਹੋਈ ਹੈ, ਜਿਸ ਨੇ ਚੋਣਾਂ ਦੌਰਾਨ ਕੀਤੇ ਸਾਰੇ ਵਾਅਦਿਆਂ ਤੋਂ ਭੱਜ ਕੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਕਿਸਾਨਾਂ, ਮੁਲਾਜ਼ਮ, ਅਧਿਆਪਕਾਂ ਸਮੇਤ ਬਹੁਤ ਸਾਰੇ ਲੋਕ ਸੜਕਾਂ ਉੱਪਰ ਹਰ ਰੋਜ਼ ਧਰਨੇ ਦੇ ਰਹੇ ਨੇ ਅਤੇ ਜ਼ਾਲਮ ਕਾਂਗਰਸ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅੰਦਰ ਕੇਜਰੀਵਾਲ ਦੀ ਸਰਕਾਰ ਨੇ ਸਿਰਫ਼ 3 ਸਾਲਾਂ ਦੌਰਾਨ ਸਿੱਖਿਆ, ਸਿਹਤ, ਬਿਜਲੀ ਦੇ ਰੇਟ, ਟੈਕਸ ਘਟਾਉਣ, ਪੈਨਸ਼ਨਾਂ ਆਦਿ ਖੇਤਰਾਂ ਵਿਚ ਇਨਕਲਾਬੀ ਸੁਧਾਰ ਕੀਤੇ ਹਨ। ਜਿਸ ਤੋਂ ਸੂਬੇ ਦੇ ਲੋਕਾਂ ਨੂੰ ਜਾਣੂ ਕਰਾਉਣ ਲਈ ‘ਆਪ’ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਿ ਜਲਦੀ ਹੀ ਸਾਰੇ ਲੋਕ ਸਭਾ ਹਲਕਿਆਂ ਲਈ ਪਾਰਟੀ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ।
ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਨੇ ਜਨਤਕ ਮੁੱਦਿਆਂ ਤੇ ਵਿਰੋਧੀ ਧਿਰ ਦਾ ਸਾਹਮਣਾ ਕਰਨ ਤੋਂ ਪੂਰੀ ਤਰ੍ਹਾਂ ਘਬਰਾਈ ਹੋਈ ਹੋਣ ਕਾਰਨ ਸਿਰਫ਼ 3 ਦਿਨ ਦਾ ਵਿਧਾਨ ਸਭਾ ਦਾ ਇਜਲਾਸ ਹੀ ਬੁਲਾਇਆ ਹੈ ਅਤੇ ਇਜਲਾਸ ਦੇ ਦਿਨਾਂ ਹੋਰ ਵਧਾਉਣ ਦੀ ਮੰਗ ਕੀਤੀ ਹੈ।
ਐਮਪੀ ਸਾਧੂ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਨਾਦਰਸ਼ਾਹੀ ਲੋਕ ਵਿਰੋਧੀ ਫ਼ੈਸਲਿਆਂ ਨਾਲ ਦੇਸ਼ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਕੇ ਰੱਖ ਦਿੱਤਾ ਹੈ ਅਤੇ ਹਰ ਰੋਜ਼ ਵੱਧ ਰਹੀ ਮਹਿੰਗਾਈ ਨੇ ਜਨਤਾ ਦੇ ਨੱਕ ‘ਚ ਦਮ ਕਰ ਦਿੱਤਾ ਹੈ। ਜਿਸ ਦਾ ਕਰਾਰਾ ਜਵਾਬ ਜਨਤਾ ਆਉਂਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਅਤੇ ਅਕਾਲੀ ਦਲ ਨੂੰ ਦੇਵੇਗੀ।
ਮੀਟਿੰਗ ਨੂੰ ਸੰਬੋਧਨ ਕਰਦੇ ਜ਼ੋਨ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਜਨਤਕ ਮੁੱਦਿਆਂ ਤੇ ਪਾਰਟੀ ਸਰਕਾਰ ਨੂੰ ਜਨਤਾ ਵਿਚ ਨੰਗਾ ਕਰਨ ਲਈ ਜ਼ਿਲ੍ਹਾ ਵਾਰ ਰੋਸ ਪ੍ਰਦਰਸ਼ਨ ਕਰੇਗੀ।
ਰੋਸ ਪ੍ਰਦਰਸ਼ਨ ਵਿਚ ਹੋਰਨਾਂ ਤੋਂ ਇਲਾਵਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਦਲਜੀਤ ਸਿੰਘ ਗਰੇਵਾਲ, ਜ਼ਿਲ੍ਹਾ ਪ੍ਰਧਾਨ ਦਿਹਾਤੀ ਰਣਜੀਤ ਸਿੰਘ ਧਮੋਟ, ਪਾਰਟੀ ਬੁਲਾਰਾ ਦਰਸ਼ਨ ਸਿੰਘ ਸ਼ੰਕਰ, ਜ਼ੋਨ ਮਹਿਲਾ ਪ੍ਰਧਾਨ ਰਾਜਿੰਦਰਪਾਲ ਕੌਰ ਛੀਨਾ, ਯੂਥ ਪ੍ਰਧਾਨ ਮਾਲਵਾ ਜ਼ੋਨ-2 ਅਮਨਦੀਪ ਸਿੰਘ ਮੋਹੀ, ਮਾਸਟਰ ਹਰੀ ਸਿੰਘ ਜਨਰਲ ਸਕੱਤਰ ਐਸਸੀ ਵਿੰਗ ਪੰਜਾਬ, ਜ਼ੋਨ ਕਿਸਾਨ ਵਿੰਗ ਪ੍ਰਧਾਨ ਗੁਰਜੀਤ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਫ਼ਤਿਹਗੜ੍ਹ ਸਾਹਿਬ ਕਰਮਜੀਤ ਸਿੰਘ ਢੀਂਡਸਾ, ਸੁਰੇਸ਼ ਗੋਇਲ, ਅਮਰਿੰਦਰ ਸਿੰਘ ਜਸੋਵਾਲ ਲੁਧਿਆਣਾ ਸ਼ਹਿਰੀ ਯੂਥ ਪ੍ਰਧਾਨ, ਲਖਵੀਰ ਸਿੰਘ ਲੁਧਿਆਣਾ ਦਿਹਾਤੀ ਪ੍ਰਧਾਨ, ਹਰਨੇਕ ਸਿੰਘ ਸੇਖੋਂ, ਦਪਿੰਦਰ ਸਿੰਘ ਲੁਧਿਆਣਾ ਪ੍ਰਧਾਨ ਆਈਟੀ ਵਿੰਗ, ਪੁਨੀਤ ਸਾਹਨੀ, ਧਰਮਿੰਦਰ ਸਿੰਘ, ਕੁਲਦੀਪ ਸਿੰਘ ਫ਼ੌਜੀ ਪ੍ਰਧਾਨ ਐਸਸੀ ਵਿੰਗ ਲੁਧਿਆਣਾ ਸ਼ਹਿਰੀ, ਅਮਨ ਚੈਨ ਸਿੰਘ, ਸਤਿੰਦਰ ਸੱਤੀ ਵੀ ਸ਼ਾਮਿਲ ਸਨ ।